ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਰਕਾਰ ਦੇ ਹੁਕਮਾਂ 'ਤੇ ਸੂਬੇ 'ਚ ਸਾਰੇ ਹਸਪਤਾਲਾਂ 'ਚ ਓਪੀਡੀ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ। ਜਿੱਥੇ ਕੋਰੋਨਾ ਮਹਾਂਮਾਰੀ ਨੇ ਭਿਆਨਕ ਰੂਪ ਧਾਰਨ ਕੀਤਾ ਹੈ ਉੱਥੇ ਹੀ ਦਿਲ ਦੀ ਬਿਮਾਰੀ ਵੀ ਇੱਕ ਭਿਆਨਕ ਬਿਮਾਰੀ ਹੈ ਅਤੇ ਇਹ ਵੀ ਦੇਖਣ 'ਚ ਆਇਆ ਹੈ ਕਿ ਕੋਰੋਨਾ ਕਾਰਨ ਮਰਨ ਵਾਲੇ ਵਧੇਰੇ ਵਿਅਕਤੀ ਦਿਲ ਦੀ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਸਨ। ਸੂਬੇ 'ਚ ਲੱਗੇ ਕਰਫਿਊ ਦੌਰਾਨ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਵਾਂ ਦਿੱਤੀਆਂ ਜਾ ਰਹੀਆਂ ਹਨ ਜਾਂ ਉਨ੍ਹਾਂ ਨੂੰ ਲੌਕਡਾਊਨ ਦੌਰਾਨ ਘਰ ਰਹਿੰਦੇ ਆਪਣਾ ਧਿਆਨ ਕਿਸ ਤਰ੍ਹਾਂ ਰੱਖਣਾ ਹੈ ਇਸ ਸੰਬੰਧੀ ਈਟੀਵੀ ਭਾਰਤ ਦੀ ਟੀਮ ਨੇ ਕਾਰਡਿਓਲੋਜਿਸਟ ਜੀਤ ਰਾਮ ਨਾਲ ਖ਼ਾਸ ਗੱਲਬਾਤ ਕੀਤੀ ਹੈ।
ਕਾਰਡਿਓਲੋਜਿਸਟ ਜੀਤ ਰਾਮ ਨੇ ਗੱਲਬਾਤ ਕਰ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਹਸਪਤਾਲਾਂ 'ਚ ਓਪੀਡੀ ਸੇਵਾ ਬੰਦ ਹੈ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਮਰੀਜਾਂ ਦੀ ਗਿਣਤੀ ਵੀ ਘੱਟ ਗਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਅੱਠ ਤੋਂ ਦਸ ਮਰੀਜ਼ ਆਉਂਦੇ ਸਨ ਉੱਥੇ ਹੀ ਹੁਣ ਮਰੀਜ਼ਾਂ ਦੀ ਗਿਣਤੀ ਘੱਟ ਕੇ ਦੋ ਤੋਂ ਤਿੰਨ ਰਹਿ ਗਈ ਹੈ।
ਡਾਕਟਰ ਜੀਤ ਰਾਮ ਨੇ ਦਿਲ ਦੇ ਮਰੀਜ਼ਾਂ ਨੂੰ ਕੋਰੋਨਾ ਮਹਾਂਮਾਰੀ 'ਚ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਦਿੰਦਿਆਂ ਖ਼ੁਦ ਨੂੰ ਘਰ 'ਚ ਵੀ ਬਾਕੀਆਂ ਨਾਲ ਘੱਟ ਮਿਲਣ ਜੁਲਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿਲ ਦੇ ਮਰੀਜ਼ਾਂ 'ਚ ਰੋਗਾਂ ਤੋਂ ਲੜਨ ਦੀ ਤਾਕਤ ਘੱਟ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਬਿਮਾਰੀ ਜਾਂ ਕੋਰੋਨਾ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਰੀਜ਼ਾਂ ਨੂੰ ਖ਼ੁਰਾਕ ਦੇ ਧਿਆਨ ਰੱਖਣ ਖ਼ਾਸ ਤੌਰ 'ਤੇ ਵਿਟਾਮਿਨ ਸੀ ਦੀ ਵਧੇਰੇ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।
ਗੱਲਬਾਤ ਕਰਦਿਆਂ ਉਨ੍ਹਾਂ ਮਰੀਜ਼ਾਂ ਨੂੰ ਹਸਪਤਾਲ ਆਉਣ ਤੋਂ ਪਰਹੇਜ਼ ਕਰਦਿਆਂ ਸਿਰਫ਼ ਵਧੇਰੇ ਲੋੜ ਪੈਣ 'ਤੇ ਹੀ ਹਪਸਤਾਲ ਆਉਣ ਲਈ ਕਿਹਾ ਹੈ। ਉਨ੍ਹਾਂ ਮਰੀਜ਼ਾਂ ਨੂੰ ਡਾਕਟਰੀ ਸਲਾਹ ਤੋਂ ਬਿਨਾਂ ਦਵਾਈ ਲੈਣ ਤੋਂ ਵੀ ਮਨਾ ਕੀਤਾ ਹੈ। ਇਨ੍ਹਾਂ ਮਰੀਜ਼ਾਂ ਦੀ ਮਦਦ ਲਈ ਹਸਪਤਾਲ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ 'ਤੇ ਮਰੀਜ਼ ਡਾਕਟਰੀ ਸਲਾਹ ਲੈ ਸਕਦੇ ਹਨ।