ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਤੁਰੰਤ ਪ੍ਰਭਾਵ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਸਿੱਖਿਆ ਮੰਤਰੀ ਦਾ ਗੁਨਾਹ ਬਖਸ਼ਮਯੋਗ ਨਹੀਂ ਹੈ।
ਮਾਨ ਨੇ ਕਿਹਾ ਕਿ ਭਾਰਤੀ ਸਮਾਜ ਅਤੇ ਸੱਭਿਆਚਾਰ 'ਚ ਅਧਿਆਪਕ ਦਾ ਰੁਤਬਾ ਬੇਹੱਦ ਸਨਮਾਨਯੋਗ ਹੈ। ਅਧਿਆਪਕ ਨੂੰ ਦੇਸ਼ ਦੇ ਨਿਰਮਾਤਾ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ, ਪਰ ਜੇ ਸੂਬੇ ਦਾ ਸਿੱਖਿਆ ਮੰਤਰੀ ਹੀ ਅਧਿਆਪਕਾਂ ਨੂੰ ਭੱਦੀਆਂ ਗਾਲ੍ਹਾਂ ਕੱਢਦਾ ਹੈ ਅਤੇ ਪੁਲਸ ਨੂੰ ਡਾਂਗਾਂ ਚਲਾਉਣ ਦਾ ਹੁਕਮ ਦਿੰਦਾ ਹੈ ਤਾਂ ਪੰਜਾਬ ਅਜਿਹੇ ਬਦਜ਼ੁਬਾਨ ਸਿੱਖਿਆ ਮੰਤਰੀ ਨੂੰ ਬਰਦਾਸ਼ਤ ਨਹੀਂ ਕਰੇਗਾ। ਇਸ ਲਈ ਮੁੱਖ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਮੰਤਰੀ ਮੰਡਲ 'ਚ ਤੁਰੰਤ ਬਰਖ਼ਾਸਤ ਕਰਕੇ ਕਿਸੇ ਯੋਗ ਅਤੇ ਸਿਆਣੇ ਆਗੂ ਨੂੰ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪਣ, ਜੋ ਅਧਿਆਪਕ ਦਾ ਸਨਮਾਨ ਬਹਾਲ ਕਰਨ ਅਤੇ ਯੋਗ ਅਧਿਆਪਕਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨਣ ਦਾ ਮਾਦਾ ਰੱਖਦਾ ਹੋਵੇ।
ਮਾਨ ਨੇ ਕਿਹਾ, ''ਮੈਂ ਇੱਕ ਅਧਿਆਪਕ ਦਾ ਬੇਟਾ ਹਾਂ। ਸਰਕਾਰਾਂ ਅਤੇ ਸਮਾਜ ਵੱਲੋਂ ਅਧਿਆਪਕ ਨੂੰ ਦਿੱਤੇ ਜਾਣ ਵਾਲੇ ਸਤਿਕਾਰ ਦੀ ਅਹਿਮੀਅਤ ਮਨੋਵਿਗਿਆਨਕ ਤੌਰ 'ਤੇ ਚੰਗੀ ਤਰਾਂ ਸਮਝਦਾ ਹਾਂ। ਜੇਕਰ ਅਧਿਆਪਕ ਗਾਲ੍ਹਾਂ ਅਤੇ ਡਾਂਗਾਂ ਖਾ ਕੇ ਨੌਕਰੀਆਂ ਲੈਣਗੇ ਜਾਂ ਕਰਨਗੇ ਤਾਂ ਉਨ੍ਹਾਂ ਤੋਂ ਦੇਸ਼ ਦੇ ਅੱਛੇ ਨਿਰਮਾਤਾ ਬਣਨ ਦੀ ਆਸ ਕਰਨਾ ਬੇਮਾਨਾ ਹੋਵੇਗੀ।''
ਮਾਨ ਨੇ ਕਿਹਾ ਕਿ ਜਦ ਸੂਬੇ ਦੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੇ ਹਜ਼ਾਰਾਂ ਪਦ ਖ਼ਾਲੀ ਪਏ ਹੋਣ ਤਾਂ ਸੜਕਾਂ 'ਤੇ ਰੁਲ ਰਹੇ ਯੋਗ ਅਧਿਆਪਕਾਂ ਨੂੰ ਗਾਲ੍ਹਾਂ ਕੱਢਣ ਦੀ ਥਾਂ ਤੁਰੰਤ ਸਕੂਲਾਂ 'ਚ ਤੈਨਾਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਸਰਕਾਰੀ ਸਕੂਲਾਂ 'ਚ ਪੜ੍ਹਦੇ ਗ਼ਰੀਬਾਂ, ਦਲਿਤਾਂ ਅਤੇ ਆਮ ਘਰਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਕੇ ਦੇਸ਼ ਦੇ ਨਿਰਮਾਤਾ ਵਾਲੀ ਜ਼ਿੰਮੇਵਾਰੀ ਪੂਰੀ ਲਗਨ ਅਤੇ ਦ੍ਰਿੜਤਾ ਨਾਲ ਨਿਭਾਅ ਸਕਣ।
ਭਗਵੰਤ ਮਾਨ ਨੇ ਕਿਹਾ ਕਿ ਉਹ ਵਿਜੈ ਇੰਦਰ ਸਿੰਗਲਾ ਵੱਲੋਂ ਅਧਿਆਪਕ ਵਰਗ ਨਾਲ ਕੀਤੇ ਭੱਦੇ ਵਿਵਹਾਰ ਦਾ ਮੁੱਦਾ ਪਾਰਲੀਮੈਂਟ 'ਚ ਚੁੱਕਣਗੇ। ਇਸ ਦੇ ਨਾਲ ਹੀ 'ਆਪ' ਯੂਥ ਵਿੰਗ ਦੀ ਸੰਗਰੂਰ ਤੋਂ ਜ਼ਿਲ੍ਹਾ ਪ੍ਰਧਾਨ ਨਰਿੰਦਰ ਕੌਰ ਭਰਾਜ ਨੇ ਵਿਜੈ ਇੰਦਰ ਸਿੰਗਲਾ ਵੱਲੋਂ ਅਧਿਆਪਕਾਂ ਨੂੰ ਕੱਢੀਆਂ ਗਾਲ੍ਹਾਂ ਨੂੰ ਬੇਹੱਦ ਸ਼ਰਮਨਾਕ ਦੱਸਿਆ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਿੰਗਲਾ ਨੂੰ ਬਰਖ਼ਾਸਤ ਨਾ ਕੀਤਾ ਗਿਆ ਤਾਂ ਸੰਗਰੂਰ 'ਚ ਸਿੱਖਿਆ ਮੰਤਰੀ ਸਿੰਗਲਾ ਵਿਰੁੱਧ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਹੋਵੇਗਾ।