ਚੰਡੀਗੜ੍ਹ (ਡੈਸਕ) : ਹੁਣੇ ਹੀ ਸਰਕਾਰ ਨੇ ਦੋ ਹਜਾਰ ਦੇ ਗੁਲਾਬੀ ਨੋਟ ਬੰਦ ਕੀਤੇ ਹਨ। ਨੋਟਬੰਦੀ ਤੋਂ ਬਾਅਦ ਸਰਕਾਰ ਵਲੋਂ ਲਿਆ ਗਿਆ ਇਹ ਅਹਿਮ ਅਤੇ ਵੱਡਾ ਫੈਸਲਾ ਲਿਆ ਗਿਆ ਹੈ ਪਰ ਹੁਣ ਚੰਡੀਗੜ੍ਹ ਦੇ ਵਸਨੀਕਾਂ ਲਈ ਪਰੇਸ਼ਾਨ ਕਰਨ ਵਾਲੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਵਲੋਂ ਲਏ ਗਏ ਫੈਸਲੇ ਮੁਤਾਬਿਕ ਹੁਣ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਪਾਲਿਸੀ ਦੇ ਅਨੁਸਾਰ ਚੰਡੀਗੜ੍ਹ ਵਿੱਚ ਜੂਨ ਮਹੀਨੇ ਤੋਂ ਮਗਰੋਂ ਪੈਟਰੋਲ ਨਾਲ ਚੱਲਣ ਵਾਲੇ ਮੋਟਰਸਾਇਕਲਾਂ ਦੀ ਵਿਕਰੀ ਬੰਦ ਕੀਤੀ ਜਾਵੇਗੀ।
ਈਵੀ ਪਾਲਿਸੀ ਦਾ ਟੀਚਾ : ਨਵੇਂ ਫੈਸਲੇ ਦੀ ਗੱਲ ਕਰੀਏ ਤਾਂ ਹੁਣ ਜੇਕਰ ਕੋਈ ਵੀ ਇਸ ਤਰ੍ਹਾਂ ਦਾ ਮੋਟਰਸਾਇਕਲ ਸਕੂਟਰ ਖਰੀਦਦਾ ਹੈ ਤਾਂ ਚੰਡੀਗੜ੍ਹ ਵਿੱਚ ਉਸਦੀ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ। ਸ਼ਹਿਰ ਵਿੱਚ ਈਵੀ ਪਾਲਿਸੀ ਦੇ ਅਨੁਸਾਰ 2023-24 ਦਾ ਟੀਚਾ ਜੂਨ ਵਿੱਚ ਪੂਰਾ ਕੀਤਾ ਜਾਣ ਦੀ ਉਮੀਦ ਹੈ। ਜਾਣਕਾਰੀ ਮੁਤਾਬਿਕ ਹੁਣ ਸ਼ਹਿਰ ਵਿੱਚ ਸਿਰਫ ਬਿਜਲੀ ਨਾਲ ਚੱਲਣ ਵਾਲੇ ਵਾਹਨ ਹੀ ਦੌੜਨਗੇ ਅਤੇ ਉਨ੍ਹਾਂ ਦੀ ਹੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਦੂਜੇ ਪਾਸੇ ਇਸ ਫੈਸਲੇ ਨੇ ਕਈਆਂ ਨੂੰ ਪਰੇਸ਼ਾਨ ਕਰ ਦਿੱਤਾ ਹੈ।
ਦਰਅਸਲ ਇਸ ਨਵੀਂ ਪਾਲਿਸੀ ਦੇ ਤਹਿਤ ਸਾਲ 2023 ਅਤੇ 2024 ਵਿੱਚ ਸ਼ਹਿਰ ਅੰਦਰ ਕਰੀਬ 6 ਹਜ਼ਾਰ 200 ਪੈਟਰੋਲ ਨਾਲ ਚੱਲਣ ਵਾਲੇ ਮੋਟਰਸਾਇਕਲ ਰਜਿਸਟਰਡ ਹੋ ਸਕਦੇ ਹਨ। ਦੂਜੇ ਪਾਸੇ ਇਸ ਤੋਂ ਬਾਅਦ ਪੈਟਰੋਲ ਵਾਲੇ ਮੋਟਰਸਾਇਕਲ ਬੈਨ ਹੋ ਸਕਦੇ ਹਨ। ਇਹ ਵੀ ਯਾਦ ਰਹੇ ਕਿ ਲੰਘੇ ਡੇਢ ਮਹੀਨੇ ਅੰਦਰ ਕਰੀਬ 3700 ਮੋਟਰਸਾਇਕਲ ਰਜਿਸਟਰਡ ਹੋ ਚੁੱਕੇ ਹਨ।
ਰੁਜਗਾਰ ਹੋਵੇਗਾ ਪ੍ਰਭਾਵਿਤ : ਇਹ ਵੀ ਜਿਕਰਯੋਗ ਹੈ ਕਿ ਇਸ ਨਾਲ ਰੁਜਗਾਰ ਤੇ ਕਈ ਸ਼ੋਅਰੂਮਾਂ ਦੇ ਕੰਮਕਾਰ ਦੇ ਪ੍ਰਭਾਵਿਤ ਹੋਣ ਦਾ ਵੀ ਖਦਸ਼ਾ ਹੈ। ਕਈ ਲੋਕਾਂ ਦੀ ਨੌਕਰੀ ਜਾ ਸਕਦੀ ਹੈ ਅਤੇ ਕਈ ਸ਼ੋਅਰੂਮਾਂ ਨੂੰ ਆਪਣਾ ਕੰਮ ਬੰਦ ਕਰਨਾ ਪੈ ਸਕਦਾ ਹੈ। ਇਹ ਵੀ ਯਾਦ ਰਹੇ ਕਿ ਕਈ ਕੰਪਨੀਆਂ ਅਜਿਹੀਆਂ ਵੀ ਹਨ ਜੋ ਸਿਰਫ ਪੈਟਰੋਲ ਨਾਲ ਚੱਲਣ ਵਾਲੇ ਮੋਟਰਸਾਇਕਲ ਬਣਾਉਂਦੀਆਂ ਹਨ, ਅਜਿਹੇ ਵਿੱਚ ਉਨ੍ਹਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਸਕਦਾ ਹੈ।
ਮਹਿੰਗੇ ਨੇ ਈਵੀ : ਯਾਦ ਰਹੇ ਕਿ ਬਿਜਲੀ ਨਾਲ ਚੱਲਣ ਵਾਲੇ ਵਾਹਨ ਪੈਟਰੋਲ ਅਤੇ ਡੀਜ਼ਲ ਨਾਲੋਂ 50 ਤੋਂ 60 ਫੀਸਦੀ ਮਹਿੰਗੇ ਹਨ। ਦੂਜੇ ਪਾਸੇ ਇਕ ਮੋਟਰਸਾਇਕਲ ਸਵਾ ਲੱਖ ਤੋਂ ਡੇਢ ਲੱਖ ਰੁਪਏ ਦਾ ਪੈਂਦਾ ਹੈ। ਗੱਡੀਆਂ ਵੀ ਮਹਿੰਗੀਆਂ ਹਨ।