ਚੰਡੀਗੜ੍ਹ: ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮਤੰਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਏਐਸਆਈ ਹਰਜੀਤ ਸਿੰਘ ਨੂੰ ਉਸ ਦੀ ਬਹਾਦਰੀ ਲਈ ਤਰੱਕੀ ਦਿੱਤੀ ਜਾਵੇ।
ਉਨ੍ਹਾਂ ਕੈਪਟਨ ਨੂੰ ਚਿੱਠੀ ਲਿਖਦਿਆਂ ਕਿਹਾ, " ਏਐਸਆਈ ਹਰਜੀਤ ਸਿੰਘ ਨੂੰ ਉਸ ਦੀ ਬਹਾਦਰੀ ਲਈ ਤਰੱਕੀ ਦਿੱਤੀ ਜਾਵੇ। ਉਹ ਆਪਣੀ ਡਿਊਟੀ ਨਿਭਾਉਂਦੇ ਹੋਏ ਕਾਇਰਾਨਾ ਹਮਲੇ ਦਾ ਸ਼ਿਕਾਰ ਹੋਏ। ਸਾਨੂੰ ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਆਪਣੇ ਫਰੰਟਲਾਈਨ ਯੋਧਿਆਂ ਦੇ ਨਾਲ ਖੜ੍ਹਨਾ ਪਏਗਾ ਅਤੇ ਮੇਰਾ ਵਿਸ਼ਵਾਸ ਹੈ ਕਿ ਇਹ ਉਸ ਦਿਸ਼ਾ ਵਿੱਚ ਇੱਕ ਚੰਗਾ ਕਦਮ ਹੋਵੇਗਾ।"
ਦੱਸ ਦਈਏ ਪਟਿਆਲਾ ਵਿਚ ਨਿਹੰਗ ਵੱਲੋਂ ਤਲਵਾਰ ਨਾਲ ਡਿਊਟੀ ਉੱਤੇ ਤਾਇਨਾਤ ਪੰਜਾਬ ਪੁਲਿਸ ਦੇ ਏਐਸਆਈ ਹਰਜੀਤ ਸਿੰਘ ਦਾ ਹੱਥ ਕੱਟ ਦਿੱਤਾ ਗਿਆ ਸੀ। ਹਾਲਾਂਕਿ ਸਾਢੇ ਸੱਤ ਘੰਟੇ ਦੇ ਆਪਰੇਸ਼ਨ ਤੋਂ ਬਾਅਦ ਹਰਜੀਤ ਸਿੰਘ ਦੇ ਹੱਥ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ।
ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਲਿੰਗ ਰਾਹੀਂ ਇਸ ਅਧਿਕਾਰੀ ਨਾਲ ਗੱਲਬਾਤ ਕੀਤੀ। ਏਐਸਆਈ ਹਰਜੀਤ ਸਿੰਘ ਦਾ ਉਨ੍ਹਾਂ ਹਾਲ ਪੁੱਛਿਆ। ਨਾਲ ਹੀ ਉਨ੍ਹਾਂ ਨੇ ਅਧਿਕਾਰੀ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ।