ਚੰਡੀਗੜ੍ਹ: ਕੇਂਦਰੀ ਬਜਟ ਨੂੰ ਚੋਣਾਂ ਵਾਲੇ ਸੂਬਿਆਂ ਵੱਲ ਕੇਂਦਰਿਤ ਕਰਾਰ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਸਮੁੱਚੇ ਉੱਤਰ ਭਾਰਤ ਨੂੰ ਮੁੜ ਨਜ਼ਰਅੰਦਾਜ਼ ਕੀਤਾ ਗਿਆ।
ਉਨ੍ਹਾਂ ਹੈਰਾਨੀ ਜ਼ਾਹਿਰ ਕੀਤੀ ਕਿ ਇਹ ਬਜਟ ਅਸਾਮ, ਬੰਗਾਲ ਅਤੇ ਚੇਨੱਈ ਅਤੇ ਹੋਰ ਰਾਜਾਂ ਜਿਨ੍ਹਾਂ ਵਿਚ ਚੋਣ ਹੋਣ ਵਾਲੀਆਂ ਹਨ, ਵੱਲ ਕੇਂਦਰਿਤ ਜਾਪਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਾਰੇ ਉੱਤਰੀ ਰਾਜਾਂ ਦਾ ਧਿਆਨ ਖੇਤੀਬਾੜੀ ਅਤੇ ਰੱਖਿਆ ਖੇਤਰ ਉੱਤੇ ਕੇਂਦਰਿਤ ਹੈ ਪਰ ਐਨਡੀਏ ਸਰਕਾਰ ਵੱਲੋਂ 'ਜੈ ਜਵਾਨ, ਜੈ ਕਿਸਾਨ' ਦੇ ਸੰਕਲਪ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ।
ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨਹੀਂ ਵਧਣਗੀਆਂ ਪਰ ਘੱਟ ਜਾਏਗਾ ਸੂਬਿਆਂ ਦਾ ਹਿੱਸਾ
ਉਨ੍ਹਾਂ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੇ ਵਿੱਚ ਜੋ ਸੈੱਸ ਲਾਇਆ ਗਿਆ ਉਸਦੇ ਨਾਲ ਰੇਟ ਤਾਂ ਨਹੀਂ ਵਧੇਗਾ ਪਰ ਸੂਬਿਆਂ ਦਾ ਹਿੱਸਾ ਘੱਟ ਹੋ ਗਿਆ। ਉਨ੍ਹਾਂ ਕਿਹਾ ਕਿ ਜ਼ਰੂਰੀ ਤੇ ਸੀ ਕਿ ਸੂਬਿਆਂ ਦਾ ਹਿੱਸਾ ਵਧਾਇਆ ਜਾਂਦਾ ਪਰ ਉਨ੍ਹਾਂ ਨੇ ਸੂਬਿਆਂ ਦਾ ਹਿੱਸਾ ਘਟਾ ਕੇ ਕੇਂਦਰ ਦਾ ਹਿੱਸਾ ਵਧਾ ਲਿਆ ਜੋ ਬੜਾ ਮੰਦਭਾਗਾ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਖਵਾਹਿਸ਼ਾਂ ਦੀ ਕੋਈ ਕਮੀ ਨਹੀਂ ਪਰ ਪੰਜਾਬ ਦੇ ਹਿੱਸੇ ਕੁੱਝ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡਾ ਹਿੱਸਾ ਪਾਕਿਸਤਾਨ ਬਾਰਡਰ ਦੇ ਨਾਲ ਲੱਗਦਾ ਹੈ ਅਤੇ ਬੜੇ ਸਾਰੇ ਲੋਕਾਂ ਨੂੰ ਖੇਤੀ ਕਰਨ ਵਾਸਤੇ ਕੰਡੇ ਵਾਲੀ ਤਾਰ ਪਾਰ ਕਰਕੇ ਦੂਜੇ ਪਾਸੇ ਜਾਣਾ ਪੈਂਦਾ ਹੈ। ਉਨ੍ਹਾਂ ਨੇ ਇਸ ਵਾਸਤੇ ਕੇਂਦਰ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਭਾਰਤ ਵਿੱਚ ਹੀ ਜਗ੍ਹਾ ਦੇ ਦਿੱਤੀ ਜਾਵੇ ਅਤੇ ਉਨ੍ਹਾਂ ਦੀ ਜ਼ਮੀਨ ਅਕਵਾਇਰ ਕਰ ਦਿੱਤੀ ਜਾਵੇ ਤਾਂ ਜੋ ਉਹ ਆਸਾਨੀ ਦੇ ਨਾਲ ਖੇਤੀ ਕਰ ਸਕਣ ਪਰ ਉਹ ਮਨਜ਼ੂਰ ਨਹੀਂ ਕੀਤੀ ਗਈ।
ਪਹਾੜੀ ਇਲਾਕਿਆਂ ਦੀ ਤਰਜ਼ ’ਤੇ ਪੰਜਾਬ ਨੂੰ ਵੀ ਦਿੱਤੀਆਂ ਜਾਣ ਛੋਟਾਂ
ਉਨ੍ਹਾਂ ਕਿਹਾ ਕਿ ਸਾਡੀ ਕੇਂਦਰ ਨੂੰ ਅਪੀਲ ਸੀ ਕਿ ਜਿਵੇਂ ਪਹਾੜੀ ਇਲਾਕਿਆਂ ਨੂੰ ਛੋਟਾਂ ਦਿੱਤੀਆਂ ਗਈਆਂ ਹਨ ਉਸੇ ਤਰਜ਼ 'ਤੇ ਪੰਜਾਬ ਨੂੰ ਵੀ ਦਿੱਤੀ ਜਾਵੇ ਪਰ ਉਸ ਵਿੱਚ ਵੀ ਸਾਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੋ ਇਸ ਵੇਲੇ ਹਾਲਾਤ ਹਨ ਅਗਲੇ ਅੱਠ ਸਾਲ ਤਕ ਜੇ ਅੱਠ ਫ਼ੀਸਦੀ ਦਰ ਨਾਲ ਵਾਧਾ ਹੋਵੇ ਤਾਂ ਸਾਡੀ ਅਰਥਵਿਵਸਥਾ ਉਸ ਥਾਂ ’ਤੇ ਪੁੱਜੇਗੀ ਜੋ ਕਰੋਨਾ ਦੀ ਸ਼ੁਰੂਆਤ ਵੇਲੇ ਸੀ।