ਬਠਿੰਡਾ: ਆਪਣੇ ਵਿਵਾਦਾਂ ਦੇ ਚੱਲਦਿਆਂ ਖ਼ਾਕੀ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀ ਹੈ। ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਦੀ ਸੈਂਟਰਲ ਜੇਲ੍ਹ ਤੋਂ, ਜਿੱਥੇ ਹਵਾਲਾਤੀਆਂ ਤੋਂ ਅਚਾਨਕ ਕੀਤੀ ਗਈ ਚੈਕਿੰਗ ਦੌਰਾਨ 2 ਮੋਬਾਇਲ ਫੋਨ ਬਰਾਮਦ ਕੀਤੇ ਗਏ।
ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਆਰੋਪੀ ਗੁਰਜੰਟ ਸਿੰਘ ਅਤੇ ਦਰਸ਼ਨ ਸਿੰਘ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਜੇਲ੍ਹ ਸਹਾਇਕ ਜੋਗਿੰਦਰ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਕੈਂਟ ਪੁਲਿਸ ਨੇ ਉਕਤ ਦੋਵਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਪੜਤਾਲ ਕੀਤੀ ਜਾ ਰਹੀ ਹੈ।
ਜੇਲ੍ਹ ਅੰਦਰ ਹਵਾਲਾਤੀ ਧੜ੍ਹੱਲੇ ਨਾਲ ਫ਼ੋਨ ਦੀ ਵਰਤੋਂ ਕਰਦੇ ਹਨ ਅਤੇ ਅੰਖਾਂ ਬੰਦ ਕਰੀ ਬੈਠੇ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕਦੀ। ਜੇਕਰ ਭੁੱਲ-ਭੁਲੇਖੇ ਚੈਕਿੰਗ ਹੋ ਜਾਵੇ ਤਾਂ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ, ਨਹੀਂ ਤਾਂ ਦੋਸ਼ੀ ਜੇਲ਼੍ਹ ਅੰਦਰੋਂ ਹੀ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਜਾਂਦੇ ਹਨ ਅਤੇ ਪੁਲਿਸ ਮੂਕ ਦਰਸ਼ਕ ਬਣੀ ਰਹਿੰਦੀ ਹੈ। ਸੈਂਟਰਲ ਜੇਲ਼੍ਹ ਬਠਿੰਡਾ ਤੋਂ ਅਜਿਹੀ ਘਟਨਾ ਦੇ ਸਹਮਣੇ ਆਉਣ ਨਾਲ ਪੁਲਿਸ ਦੀ ਕਾਰਗੁਜਾਰੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ।