ਬਠਿੰਡਾ: ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਚ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ। ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸਾਹਿਬ ਪਹੁੰਚ ਕੇ ਨਤਮਸਤਕ ਹੋ ਰਹੀ ਹੈ। ਇਸ ਪਵਿੱਤਰ ਦਿਹਾੜੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਨੂੰ ਬਾਣੀ ਨਾਲ ਜੁੜਨ ਅਤੇ ਖੰਡੇ ਬਾਟੇ ਦੀ ਅੰਮ੍ਰਿਲ ਪਾਹੁਲ ਛੱਕਣ ਦਾ ਸੁਨੇਹਾ ਦਿੱਤਾ ਹੈ। ਦੂਜੇ ਪਾਸੇ, ਸੂਤਰਾਂ ਮੁਤਾਬਕ ਇਹ ਖਬਰਾਂ ਹਨ ਕਿ ਅੰਮ੍ਰਿਤਪਾਲ ਆਉਣ ਵਾਲੇ ਕੁਝ ਘੰਟਿਆਂ ਵਿੱਚ ਸਰੰਡਰ ਕਰ ਸਕਦਾ ਹੈ, ਤਾਂ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਤੈਨਾਤ ਕੀਤਾ ਗਿਆ ਹੈ।
ਜਥੇਦਾਰ ਹਰਪ੍ਰੀਤ ਸਿੰਘ ਦਾ ਕੌਮ ਨੂੰ ਸੁਨੇਹਾ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਖਾਲਸਾ ਪੰਥ ਦੀ ਸਾਜਨਾ ਦਿਵਸ ਮੌਕੇ ਸਭ ਨੂੰ ਵਧਾਈ ਦਿੱਤੀ। ਉੱਥੇ ਹੀ, ਉਨ੍ਹਾਂ ਕਿਹਾ ਕਿ ਵੈਸਾਖੀ / ਖਾਲਸਾ ਸਾਜਨਾ ਦਿਵਸ ਸਿੱਖ ਸੰਗਤ ਵੱਲੋਂ ਬੜੇ ਹੀ ਉਤਸ਼ਾਹ ਨਾਲ ਪੂਰੀ ਦੁਨੀਆਂ ਵਿੱਚ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਵੀ ਖਾਲਸਾ ਸਾਜਨਾ ਦਿਵਸ ਨੂੰ ਮਨਾਉਂਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਹੋ ਚੁੱਕੇ ਹਨ। ਰੋਜ਼ਾਨਾ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਜਥੇਦਾਰ ਨੇ ਕਿਹਾ ਕਿ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ 13-14-15 ਅਪ੍ਰੈਲ, ਤਿੰਨੋ ਦਿਨ ਨੂੰ ਕਰਵਾਇਆ ਜਾ ਰਿਹਾ ਹੈ। ਸੋ, ਇਹੀ ਅਪੀਲ ਕਰਦਾ ਹਾਂ ਕਿ ਜਿਹੜੀ ਸੰਗਤ ਅੰਮ੍ਰਿਤ ਛੱਕਣਾ ਚਾਹੁੰਦੀ ਹੈ, ਉਹ ਗੁਰਦੁਆਰਾ ਸਾਹਿਬ ਪਹੁੰਚਣ। ਉਨ੍ਹਾਂ ਕਿਹਾ ਕਿ ਅੱਜ ਜੋ ਸਿੱਖ ਹਫੜਾ-ਤਫੜੀ ਵਿੱਚ ਰੁਝੀ ਹੋਈ ਹੈ, ਉਸ ਦਾ ਕਾਰਨ ਇਹ ਹੈ ਕਿ ਅਸੀ ਸਿੱਖੀ ਫ਼ਲਸਫੇ ਤੋਂ ਦੂਰ ਹੋ ਗਏ ਹਾਂ। ਖਾਸਕਰ ਨੌਜਵਾਨ, ਸੋ ਲੋੜ ਹੈ ਕਿ ਸਿੱਖ ਫ਼ਲਸਫੇ ਤੇ ਗੁਰੂ ਦੀ ਬਾਣੀ ਨਾਲ ਜੁੜੀਏ।
ਅੰਮ੍ਰਿਤਪਾਲ ਦੇ ਸਰੰਡਰ ਕਰਨ ਦੀਆਂ ਕਿਆਸਾਰੀਆਂ: ਸੂਤਰਾਂ ਮੁਤਾਬਕ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਤੇ ਖਾਲਿਸਤਾਨੀ ਸਮਰਥਕ ਫ਼ਰਾਰ ਅੰਮ੍ਰਿਤਪਾਲ ਸਿੰਘ ਅਗਲੇ ਕੁੱਝ ਘੰਟਿਆ ਤੱਕ ਆਤਮ ਸਮਰਪਣ ਕਰ ਸਕਦਾ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਹਾਈ ਅਲਰਟ ਉੱਤੇ ਹੈ। ਬਠਿੰਡਾ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ।ਵੱਡੇ ਸੀਨੀਅਰ ਅਧਿਕਾਰੀ ਵੀ ਮੌਕੇ ਉੱਤੇ ਜਾਇਜ਼ਾ ਲੈਣ ਲਈ ਪਹੁੰਚ ਰਹੇ ਹਨ। ਮੀਡੀਆ ਰਿਪੋਰਟਾ ਮੁਤਾਬਕ, ਅੰਮ੍ਰਿਤਪਾਲ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਜਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਤਮ ਸਮਰਪਣ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਦੇ ਸਾਥੀ ਪਪਲਪ੍ਰੀਤ ਨੂੰ ਪੁਲਿਸ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਜਿਸ ਤੋਂ ਬਾਅਦ ਹੁਣ ਅੰਮ੍ਰਿਤਪਾਲ ਉੱਤੇ ਵੀ ਗ੍ਰਿਫਤਾਰੀ ਦੇਣ ਲਈ ਦਬਾਅ ਬਣਿਆ ਹੋਇਆ ਹੈ। ਪੁਲਿਸ ਦੀ ਕੋਸ਼ਿਸ਼ ਹੈ ਕਿ ਉਹ ਅੰਮ੍ਰਿਤਪਾਲ ਨੂੰ ਉਸ ਵੱਲੋਂ ਸਰੰਡਰ ਕਰਨ ਤੋਂ ਪਹਿਲਾਂ ਕਾਬੂ ਕਰ ਲਵੇ।
ਇਹ ਵੀ ਪੜ੍ਹੋ: Amritpal Update: 48 ਘੰਟਿਆਂ 'ਚ ਸਰੰਡਰ ਕਰ ਸਕਦੈ ਅੰਮ੍ਰਿਤਪਾਲ, ਪੰਜਾਬ ਦੇ ਕਈ ਸ਼ਹਿਰਾਂ ਵਿੱਚ ਲੱਗੇ ਪੋਸਟਰ !