ਬਠਿੰਡਾ: ਸ਼ਹਿਰ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੇ ਕੰਮਾ ਨੂੰ ਹੋਰ ਤੇਜ਼ ਕਰਕੇ ਇਨ੍ਹਾਂ ਨੂੰ ਜਲਦੀ ਮੁਕੰਮਲ ਕਰਨ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖੁਦ ਸ਼ਹਿਰ ਵਿੱਚ ਲਗਭਗ 12 ਨਿਰਮਾਣ ਕਾਰਜਾਂ ਦਾ ਮੌਕੇ ਤੇ ਜਾ ਕੇ ਜਾਇਜ਼ਾ ਲਿਆ ਹੈ। ਇਸ ਮੌਕੇ ਉਨਾਂ ਨੇ ਸਬੰਧਤ ਵਿਭਾਗਾਂ ਨੂੰ ਜੋਰ ਦੇ ਕੇ ਹਦਾਇਤ ਕੀਤੀ ਕਿ ਨਿਰਮਾਣ ਕਾਰਜਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ ਅਤੇ ਸਾਰੇ ਪ੍ਰੋਜੈਕਟ ਸਮੇਂ ਸਿਰ ਮੁਕੰਮਲ ਹੋ ਕੇ ਸ਼ਹਿਰੀਆਂ ਨੂੰ ਸਮਰਪਿਤ ਕੀਤੇ ਜਾਣ।
ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਨਾਜ ਮੰਡੀ ਵਿਚ 94.25 ਲੱਖ ਰੁਪਏ ਨਾਲ ਪਾਣੀ ਦੀ ਸਪਲਾਈ ਵਾਲੀ ਟੈਂਕੀ ਵੀ ਲੋਕਾਂ ਨੂੰ ਸਮਰਪਿਤ ਕੀਤੀ। ਇਸ ਵਿੱਚ 2 ਲੱਖ ਲੀਟਰ ਦੀ ਸਮੱਰਥਾ ਦੀ ਜ਼ਮੀਨਦੋਜ਼ ਟੈਂਕੀ ਅਤੇ ਇੰਨੀਂ ਹੀ ਸਮੱਰਥਾ ਦੀ ਉੱਚੀ ਟੈਂਕੀ ਬਣੀ ਹੈ। ਜਦ ਕਿ ਮੰਡੀ ਏਰੀਆ ਵਿੱਚ ਪਾਣੀ ਸਪਲਾਈ ਲਈ ਨਵੀਂਆਂ ਪਾਈਪਾਂ ਵੀ ਪਾਈਆਂ ਗਈਆਂ ਹਨ ਤੇ ਇੱਥੇ ਸਟਾਫ ਕੁਆਰਟਰ ਵੀ ਬਣਾਇਆ ਗਿਆ ਹੈ।
ਇਸੇ ਤਰਾਂ ਨਗਰ ਨਿਗਮ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਲੜੀ ਤਹਿਤ ਉਨਾਂ ਨੇ ਡੀਏਵੀ ਕਾਲਜ ਛੱਪੜ ਅਤੇ ਸੰਜੈ ਨਗਰ ਟੋਭੇ ਦਾ ਦੌਰਾ ਕੀਤਾ। ਉਨਾਂ ਨੇ ਦੱਸਿਆ ਕਿ ਡੀਏਵੀ ਕਾਲਜ ਛੱਪੜ ਦੀ 77 ਲੱਖ ਰੁਪਏ ਨਾਲ ਚਾਰਦਿਵਾਰੀ ਕੀਤੀ ਜਾ ਰਹੀ ਹੈ ਜਦ ਕਿ ਇਸ ਨੂੰ ਹੋਰ ਡੂੰਘਾ ਕਰਕੇ ਇਸਦੇ ਚਾਰੇ ਪਾਸੇ ਪੌਦੇ ਲਗਾਏ ਜਾਣਗੇ।
ਸੜਕਾਂ ਨਾਲ ਸਬੰਧਤ ਕੰਮਾਂ ਦੇ ਨੀਰਿਖਣ ਦੌਰਾਨ ਉਨਾਂ ਨੇ ਪਾਵਰ ਹਾਉਸ ਰੋਡ ਅਤੇ ਗੁਰੂ ਕੀ ਨਗਰੀ ਵਿਖੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਪਾਵਰ ਹਾਉਸ ਰੋਡ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਤਹਿਤ ਤਿਆਰ ਹੋ ਰਹੀ ਹੈ ਜਿਸ ਤੇ 8.5 ਲੱਖ ਰੁਪਏ ਖਰਚ ਆਉਣਗੇ ਜਦ ਕਿ ਗੁਰੂ ਕੀ ਨਗਰੀ ਦੀਆਂ ਸੜਕਾਂ ਤੇ ਪ੍ਰੀਮਿਕਸ ਪਾਉਣ ਤੇ ਨਗਰ ਨਿਗਮ 35 ਲੱਖ ਰੁਪਏ ਖਰਚ ਕਰ ਰਹੀ ਹੈ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਨੇ ਸਕੂਲ ਦੇ ਨਿਰਮਾਣ ਦੇ ਕੰਮ ਦਾ ਜਾਇਜ਼ਾ ਵੀ ਲਿਆ ਤੇ ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹਨ ਕਿ ਸਾਡੇ ਬੱਚਿਆਂ ਨੂੰ ਉਚ ਮਿਆਰੀ ਸਹੁਲਤਾਂ ਵਾਲੇ ਸਰਕਾਰੀ ਸਕੂਲ ਉਪਲਬੱਧ ਹੋਣ।