ਬਠਿੰਡਾ: ਕਾਂਗਰਸ ਨੇ 2024 ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੁੰ ਪੰਜਾਬ ਵਿੱਚ ਆਰੰਭ ਦਿੱਤਾ ਹੈ ਅਤੇ ਬਠਿੰਡਾ ਵਿੱਚ ਕਾਂਗਰਸੀ ਆਗੂ ਅੰਮ੍ਰਿਤਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸੀਆਂ ਨੇ ਹੱਥ ਨਾਲ ਹੱਥ ਜੋੜ ਯਾਤਰਾ ਕੱਢੀ। ਦੱਸ ਦਈਏ ਪੰਜਾਬ ਵਿੱਚ ਲਗਾਤਾਰ ਕਾਂਗਰਸ ਵੱਲੋਂ ਆਪਣੀਆਂ ਸਰਗਰਮੀਆਂ 2024 ਦੀਆਂ ਚੋਣਾਂ ਨੂੰ ਲੈ ਕੇ ਤੇਜ਼ ਕੀਤੀਆਂ ਗਈਆਂ ਹਨ ਅਤੇ ਬਠਿੰਡਾ ਅੰਦਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਾਂਗਰਸੀਆਂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦੀ ਅਗਵਾਈ ਵਿੱਚ ਅੱਜ ਕਾਂਗਰਸ ਭਵਨ ਤੋਂ ਹੱਥ ਨਾਲ਼ ਹੱਥ ਜੋੜੇ ਯਾਤਰਾ ਕੱਢੀ ਗਈ ਇਸ ਮੌਕੇ ਬਠਿੰਡਾ ਦੇ ਵੱਖ-ਵੱਖ ਬਜਾਰਾਂ ਵਿੱਚ ਇਸ ਯਾਤਰਾ ਵਿੱਚ ਸ਼ਾਮਲ ਕਾਂਗਰਸੀਆਂ ਵੱਲੋਂ ਪੋਸਟਰ ਵੰਡੇ ਗਏ ਅਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਗਏ।
ਭਾਜਪਾ ਦੀਆਂ ਨੀਤੀਆਂ ਖ਼ਿਲਾਫ ਜਾਗਰੂਕ ਕੀਤਾ ਜਾ ਰਿਹਾ: ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ਼ ਕਾਂਗਰਸ ਵੱਲੋਂ ਇਹ ਯਾਤਰਾ ਕੱਢੀ ਜਾ ਰਹੀ ਹੈ ਅਤੇ ਲੋਕਾਂ ਨੂੰ ਹੱਥ ਨਾਲ਼ ਹੱਥ ਜੋੜੇ ਯਾਤਰਾ ਰਾਹੀਂ ਇੱਕ ਜੁੱਟ ਹੋ ਕੇ ਭਾਜਪਾ ਦੀਆਂ ਨੀਤੀਆਂ ਖ਼ਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ। ਅਮ੍ਰਿਤਾ ਵੜਿੰਗ ਵੱਲੋਂ ਲਗਾਤਾਰ ਬਠਿੰਡਾ ਵਿੱਚ ਵਧਾਈਆਂ ਗਈਆਂ ਸਿਆਸੀ ਸਰਗਰਮੀਆਂ ਤੋਂ ਬਾਅਦ ਖੜ੍ਹੇ ਹੋਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਾਰਟੀ ਦੇ ਹੁਕਮ ਉੱਤੇ ਉਹ ਕਾਂਗਰਸ ਦਾ ਪ੍ਰਚਾਰ ਕਰ ਰਹੇ ਹਨ। ਬਠਿੰਡਾ ਤੋਂ ਚੋਣ ਲੜਨ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਅਮ੍ਰਿਤਾ ਵੜਿੰਗ ਨੇ ਕਿਹਾ ਕਿ ਇਹ ਪਾਰਟੀ ਦਾ ਫੈਸਲਾ ਹੈ ਅਤੇ ਪਾਰਟੀ ਜਿੱਥੋਂ ਵੀ ਚੋਣ ਲੜਵਾਏਗੀ ਉੱਥੋਂ ਉਹ ਚੋਣ ਲੜਨਗੇ।
ਕਾਂਗਰਸੀ ਵਰਕਰਾਂ ਵਿੱਚ ਵੱਡਾ ਉਤਸ਼ਾਹ: ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੱਥ ਨਾਲ਼ ਹੱਥ ਜੋੜੇ ਯਾਤਰਾ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਿੱਚ ਵੱਡਾ ਉਤਸ਼ਾਹ ਹੈ ਅਤੇ ਉਨ੍ਹਾਂ ਵੱਲੋਂ ਲਗਾਤਾਰ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਉੱਤੇ ਵਰਦਿਆਂ ਉਨਾਂ ਕਿਹਾ ਕਿ ਵੱਡੇ ਵੱਡੇ ਦਾਅਵੇ ਕਰ ਕੇ ਪੰਜਾਬ ਦੀ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਲੋਕ ਵਿਰੋਧੀ ਫੈਸਲੇ ਲਏ ਜਾ ਰਹੇ ਹਨ ਅਤੇ ਕੁਝ ਮਹੀਨਿਆਂ ਦੇ ਕਾਰਜਕਾਲ ਵਿੱਚ ਹੀ ਸਰਕਾਰ ਦਾ ਲੋਕਾਂ ਵਿਚ ਚਿਹਰਾ ਨੰਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਗ੍ਰਿਫਤਾਰ ਕੀਤੇ ਜਾ ਰਹੇ ਹਨ ਪਰ ਸਰਕਾਰ ਵੱਲੋਂ ਇਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ: Clash in SDM Office: ਮੰਦਰ ਦੀ ਪ੍ਰਧਾਨਗੀ ਨੂੰ ਲੈ ਕੇ ਭਿੜੀਆਂ ਦੋ ਧਿਰਾਂ, ਐੱਸਡੀਐੱਮ ਦਫ਼ਤਰ ਬਣਿਆ ਜੰਗ ਦਾ ਮੈਦਾਨ