ਬਠਿੰਡਾ: ਪੰਜਾਬ ਸਰਕਾਰ ਵੱਲੋਂ ਜੋ ਸ਼ਰਾਬ ਨੀਤੀ ਪੰਜਾਬ ਵਿੱਚ ਲਾਗੂ ਕੀਤੀ ਗਈ ਹੈ ਉਸ ਦੀ CBI ਜਾਂਚ ਕਰਾਉਣ ਲਈ ਭਾਜਪਾ ਨੇ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਸਰੂਪਚੰਦ ਸਿੰਗਲਾ ਦੀ ਅਗਵਾਈ ਵਿੱਚ ਅੱਜ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਬਾਬਾ ਸਾਹਿਬ ਅੰਬੇਡਕਰ ਪਾਰਕ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਆਖਿਆ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਸ਼ਰਾਬ ਦੀ ਗਲਤ ਨੀਤੀ ਦੇ ਖਿਲਾਫ ਦੇ ਸੀ ਬੀ ਆਈ ਤਰਫੋਂ ਡਿਪਟੀ ਸੀ ਐਮ ਨੂੰ ਦਿੱਲੀ ਵਿਖੇ ਗ੍ਰਿਫਤਾਰ ਕੀਤਾ ਗਿਆ ਹੈ ਉਸ ਤੋਂ ਆਮ ਆਦਮੀ ਪਾਰਟੀ ਬੇਨਕਬਾਬ ਹੋ ਗਈ ਹੈ।
ਪੰਜਾਬ ਵਿੱਚ ਵੀ ਹੋਵੇ ਸੀਬੀਆਈ ਜਾਂਚ: ਸਰੂਪ ਚੰਦ ਸਿੰਗਲਾ ਨੇ ਭਾਜਪਾ ਵਰਕਰਾਂ ਨਾਲ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਦਿੱਲੀ ਦੀ ਸ਼ਰਾਬ ਨੀਤੀ ਵਿੱਚ ਵੱਡੇ ਘੁਟਾਲੇ ਹੋਏ ਹਨ ਅਤੇ ਹੁਣ ਇਹ ਘੁਟਾਲੇ ਬੇਨਕਾਬ ਵੀ ਹੋ ਰਹੇ ਨੇ। ਉਨ੍ਹਾਂ ਕਿਹਾ ਸੀਬੀਆਈ ਨੇ ਪੰਜ ਮਹੀਨਿਆਂ ਦੀ ਜਾਂਚ ਤੋਂ ਮਗਰੋਂ ਦਿੱਲੀ ਵਿੱਚ ਆਪ ਦੇ ਦਿੱਗਜ ਆਗੂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਬਗੈਰ ਸੋਝੇ ਸਮਝੇ ਉਨ੍ਹਾਂ ਦੀ ਸਪੋਰਟ ਕਰ ਰਹੇ ਨੇ। ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਪੰਜਾਬ ਵਿੱਚ ਵੀ ਦਿੱਲੀ ਵਾਲੀ ਸ਼ਰਾਬ ਪਾਲਿਸੀ ਲਾਗੂ ਕੀਤੀ ਗਈ ਹੈ ਅਤੇ ਇੱਥੇ ਵੀ ਵੱਡੇ ਪੱਧਰ ਉੱਤੇ ਧਾਂਦਲੀਆਂ ਹੋਣ ਦਾ ਖ਼ਦਸ਼ਾ ਹੈ ਜਿਸ ਦੇ ਮੱਦੇਨਜ਼ਰ ਕੇਂਦਰ ਨੂੰ ਸੀਬੀਆਈ ਜਾਂਚ ਕਰਵਾ ਕੇ ਕਾਰਵਾਈ ਕਰਨੀ ਚਾਹੀਦੀ ਹੈ।
ਕੱਟੜ ਬੇਈਮਾਨ ਪਾਰਟੀ: ਸਰੂਪ ਚੰਦ ਸਿੰਗਲਾ ਨੇ ਅੱਗੇ ਕਿਹਾ ਕਿ ਲੋਕਾਂ ਵਿੱਚ ਇਮਾਨਦਾਰੀ ਦਾ ਨਾਅਰਾ ਲਾਕੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਕੱਟੜ ਇਮਾਨਦਾਰ ਨਹੀਂ ਸਗੋਂ ਕੱਟੜ ਬੇਈਮਾਨ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ ਜਿੱਥੇ ਹੁਣ ਤੱਕ ਆਪ ਦੇ ਕਈ ਮੰਤਰੀ ਅਤੇ ਵਿਧਾਇਕ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਘਿਰ ਚੁੱਕੇ ਹਨ ਉੱਥੇ ਹੀ ਹੁਣ ਦਿੱਲੀ ਦੇ ਦਿੱਗਜ ਮਨੀਸ਼ ਸਿਸੋਦੀਆਂ ਦਾ ਵੀ ਪਰਦਾਫਾਸ਼ ਹੋ ਗਿਆ ਅਤੇ ਚਾਰਜਸ਼ੀਟ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੀ ਨਾਂਅ ਦਰਜ ਹੈ। ਉਨ੍ਹਾਂ ਕਿਹਾ ਇੰਨ੍ਹਾਂ ਕੱਟੜ ਬੇਈਮਾਨਾਂ ਨੂੰ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਵਿਗੜ ਚੁੱਕੀ ਹੈ ਅਤੇ ਆਏ ਦਿਨ ਕਤਲ, ਲੁੱਟ, ਚੋਰੀ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਲੋਕ ਹੁਣ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੇ ਉਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਡਰ ਲੱਗਦਾ ਹੈ ਅਤੇ ਪੰਜਾਬ ਸਰਕਾਰ ਝੂਠੇ ਦਾਅਵੇ ਕਰਦੀ ਹੋਈ ਘੁੰਮ ਘੁੰਮ ਕੇ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਦੇ ਦਾਅਵੇ ਕਰ ਰਹੀ ਹੈ।