ਬਠਿੰਡਾ: ਪਿੰਡ ਥੰਮਣਗੜ੍ਹ ਦੇ ਨੌਜਵਾਨ ਗੁਰਜੋਤ ਦੀ ਕੈਨੇਡਾ ਦੇ ਬਰੈਂਪਟਨ 'ਚ ਹੋਏ ਕਤਲ ਮਾਮਲੇ ਵਿੱਚ ਪਰਿਵਾਰ ਨੇ ਕੈਨੇਡਾ ਦੇ ਸਫ਼ਾਰਤਖ਼ਾਨੇ 'ਤੇ ਵੀਜ਼ਾ ਦੇਣ 'ਚ ਦੇਰੀ ਕਰਨ ਦੇ ਦੋਸ਼ ਲਗਾਏ ਗਏ ਹਨ।
ਇਸ ਬਾਰੇ ਗੁਰਜੀਤ ਸਿੰਘ ਦੇ ਚਾਚਾ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਸਥਿਤ ਕੈਨੇਡਾ ਦੇ ਸਫ਼ਾਰਤਖ਼ਾਨੇ ਵਿੱਚ ਲਾਸ਼ ਨੂੰ ਭਾਰਤ ਲਿਆਉਣ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਗਏ ਸਨ। ਉਨ੍ਹਾਂ ਕਿਹਾ ਕਿ ਸਫ਼ਾਰਤਖ਼ਾਨੇ ਵੱਲੋਂ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਨਾਲ ਹੀ ਵੀਜ਼ਾ ਦੇਣ ਵਿੱਚ ਵੀ ਦੇਰੀ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਗੁਰਜੋਤ ਦੀ ਲਾਸ਼ ਭਾਰਤ ਲਿਆਉਣ ਲਈ ਛੇਤੀ ਤੋਂ ਛੇਤੀ ਵੀਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਪਰਿਵਾਰ ਵਾਲਿਆਂ ਨੇ ਗ੍ਰਹਿ ਮੰਤਰਾਲੇ ਨੂੰ ਗੁਰਜੋਤ ਦੀ ਮੌਤ ਦੀ ਪੂਰੀ ਜਾਣਕਾਰੀ ਦੇਣ ਅਤੇ ਲਾਸ਼ ਨੂੰ ਭਾਰਤ ਲਿਆਉਣ 'ਚ ਮਦਦ ਕਰਨ ਦੀ ਅਪੀਲ ਕੀਤੀ ਹੈ।