ਹੈਦਰਾਬਾਦ : ਪੰਜਾਬੀ ਗਾਇਕੀ ਅਤੇ ਗੀਤਕਾਰੀ ਦੇ ਖੇਤਰ ਵਿੱਚ ਕਈ ਨਵੇਂ ਦਿਸਹਿੱਦੇ ਸਿਰਜਣ ਵਿੱਚ ਗਾਇਕ ਅਤੇ ਗੀਤਕਾਰ ਬਲਬੀਰ ਬੋਪਾਰਾਏ ਸਫ਼ਲ ਰਹੇ ਹਨ, ਜੋ ਪਿਛਲੇ ਕੁਝ ਸਮੇਂ ਤੋਂ ਬਤੌਰ ਅਦਾਕਾਰ ਵੀ ਨਿਵੇਕਲੀ ਪਹਿਚਾਣ ਸਥਾਪਤੀ ਲਈ ਯਤਨਸ਼ੀਲ ਹਨ। ਬੋਪਾਰਾਏ ਵੱਲੋ ਇਸ ਦਿਸ਼ਾ ਵਿਚ ਲਗਾਤਾਰ ਅੰਜ਼ਾਮ ਦਿੱਤੀਆਂ ਜਾ ਰਹੀਆ ਕੋਸ਼ਿਸਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਉਨਾਂ ਦੀ ਨਵੀਂ ਪੰਜਾਬੀ ਫ਼ਿਲਮ 'ਵੱਡਾ ਘਰ', ਜੋ ਜਲਦ ਦੁਨੀਆ ਭਰ ਦੇ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
ਫਿਲਮ ਬਾਰੇ ਪੂਰੀ ਜਾਣਕਾਰੀ
'ਰੋਬੀ ਐਂਡ ਲਾਡੀ ਪ੍ਰੋਡੋਕਸ਼ਨ' ਲਿਮਿਟਡ ਅਤੇ ਜਸਬੀਰ ਗੁਣਾਚੌਰੀਆ ਪ੍ਰੋਡੋਕਸ਼ਨ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਉਕਤ ਫ਼ਿਲਮ ਦਾ ਨਿਰਦੇਸ਼ਨ ਕਮਲਜੀਤ ਸਿੰਘ (ਇੰਡੀਆ) ਅਤੇ ਗੋਲਡੀ ਢਿੱਲੋ (ਕੈਨੇਡਾ )ਦੁਆਰਾ ਕੀਤਾ ਗਿਆ ਹੈ, ਜਦਕਿ ਸਟੋਰੀ ਸਕਰੀਨ ਪਲੇਅ ਡਾਇਲਾਗ ਅਤੇ ਗੀਤ ਲੇਖ਼ਣ ਦੀ ਜੁੰਮੇਵਾਰੀ ਜਸਬੀਰ ਗੁਣਾਚੌਰੀਆ ਦੁਆਰਾ ਨਿਭਾਈ ਗਈ ਹੈ ,ਜੋ ਅਜ਼ੀਮ ਗੀਤਕਾਰ ਦੇ ਰੂਪ ਵਿੱਚ ਪੰਜਾਬੀ ਸੰਗੀਤ ਜਗਤ ਵਿੱਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ,ਜਿੰਨਾਂ ਵੱਲੋ ਲਿਖਿਆ ਅਤੇ ਸਵ.ਸਰਦੂਲ ਸਿਕੰਦਰ ਦੁਆਰਾ ਗਾਇਆ ਗਾਣਾ ਸਾਡਿਆ ਪਰਾਂ ਤੋਂ ਸਿੱਖੀ ਉੱਡਣਾ' ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਿਹਾ ਹੈ ।
ਪਰਿਵਾਰਕ- ਡਰਾਮਾ ਆਧਾਰਿਤ ਫਿਲਮ
ਪਰਿਵਾਰਕ- ਡਰਾਮਾ ਕਹਾਣੀ ਅਧੀਨ ਬੁਣੀ ਗਈ ਉਕਤ ਫ਼ਿਲਮ ਵਿੱਚ ਕਾਫ਼ੀ ਮਹੱਤਵਪੂਰਨ ਕਿਰਦਾਰ ਅਦਾ ਕਰਦੇ ਨਜ਼ਰੀ ਪੈਣਗੇ ਅਦਾਕਾਰ ਬਲਬੀਰ ਬੋਪਾਰਾਏ ਜੋ ਸਿੱਖੀ ਸਵਰੂਪ ਵਿੱਚ ਸਜੇ ਪ੍ਰਭਾਵੀ ਰੋਲ ਦੁਆਰਾ ਆਪਣੇ ਚਾਹੁਣ ਵਾਲਿਆਂ ਸਨਮੁੱਖ ਹੋਣਗੇ, ਜਿਨ੍ਹਾਂ ਨਾਲ ਇਸ ਫ਼ਿਲਮ ਦਾ ਹਿੱਸਾ ਬਣੇ ਹੋਰਨਾਂ ਕਲਾਕਾਰਾਂ ਵਿੱਚ ਜੋਬਨਪ੍ਰੀਤ ਸਿੰਘ ਮੈਂਡੀ ਤੱਖੜ੍ਹ, ਨਿਰਮਲ ਰਿਸ਼ੀ, ਅਮਰ ਨੂਰੀ, ਸਰਦਾਰ ਸੋਹੀ, ਭਿੰਦਾ ਔਂਜਲਾ ਅਤੇ ਰਵਿੰਦਰ ਮੰਡ ਆਦਿ ਸ਼ੁਮਾਰ ਹਨ।
'ਦੇ ਦੇ ਗੇੜਾ' ਗੀਤ ਨਾਲ ਬਣੀ ਸੀ ਪਛਾਣ
'ਦੇ ਦੇ ਗੇੜਾ' ਜਿਹੇ ਅਣਗਿਣਤ ਹਿੱਟ ਗੀਤਾਂ ਦਾ ਗਾਇਨ ਕਰ ਚੁੱਕੇ ਗਾਇਕ ਬਲਬੀਰ ਬੋਪਾਰਾਏ ਵੱਲੋਂ ਲਿਖੇ ਬੇਸ਼ੁਮਾਰ ਗੀਤਾਂ ਨੂੰ ਪੰਜਾਬ ਦੇ ਕਈ ਉੱਚ ਕੋਟੀ ਗਾਇਕ ਆਪਣੀਆਂ ਆਵਾਜ਼ਾਂ ਦੇ ਚੁੱਕੇ ਹਨ , ਜਿਨ੍ਹਾਂ ਸਦਕਾ ਪੰਜਾਬੀ ਗਾਇਕੀ ਦੇ ਖੇਤਰ ਵਿਚ ਉਨਾਂ ਦੀ ਬਣੀ ਧਾਕ ਦਾ ਅਸਰ ਲਗਭਗ ਦੋ ਦਹਾਕਿਆ ਬਾਅਦ ਅੱਜ ਵੀ ਜਿਓ ਦੀ ਤਿਓ ਕਾਇਮ ਹੈ।