ਬਠਿੰਡਾ: ਪਿੰਡ ਕੋਟਗੁਰੂ ਵਿੱਚ ਪਿਛਲੇ ਦਿਨੀ ਭੇਦਭਰੇ ਹਾਲਾਤਾਂ 'ਚ ਹੋਈ ਮਹਿਲਾ ਦੀ ਕਤਲ ਦੇ 3 ਦਿਨਾਂ ਬਾਅਦ ਬਠਿੰਡਾ ਪੁਲਿਸ ਨੇ ਦੋਸ਼ੀ ਪੁੱਤ ਸਣੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਠਿੰਡਾ ਦੇ ਐੱਸਐੱਸਪੀ ਡਾ.ਨਾਨਕ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਟੀਮ ਨੇ ਇਸ ਮਾਮਲੇ ਨੂੰ ਸਿਰਫ਼ ਤਿੰਨ ਦਿਨਾਂ ਦੇ ਵਿੱਚ ਸੁਲਝਾ ਲਿਆ ਹੈ ਜਿਸ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਦੋਸ਼ੀ ਫ਼ਰਾਰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸੁਖਪਾਲ ਕੌਰ ਦਾ ਕਤਲ ਕਰਨ ਵਾਲਾ ਉਸ ਦਾ ਪੁੱਤਰ ਜਸਵੀਰ ਸਿੰਘ ਹੈ। ਜਿਸ ਨੂੰ ਸ਼ੱਕ ਸੀ ਕਿ ਉਸ ਦੀ ਮਾਂ ਦਾ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਹੈ। ਇਸ ਸ਼ੱਕ ਦੇ ਆਧਾਰ 'ਤੇ ਉਸ ਨੇ ਆਪਣੇ ਸਾਥੀਆਂ ਜਗਤਾਰ ਸਿੰਘ, ਮੰਗਤ ਸਿੰਘ ਅਤੇ ਜੋਗਿੰਦਰ ਸਿੰਘ ਨਾਲ ਮਿਲ ਕੇ ਆਪਣੀ ਮਾਂ ਦੇ ਸਿਰ ਵਿੱਚ ਘੋਟਣਾ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਜਸਵੀਰ ਸਿੰਘ ਜੋ ਆਪਣੀ ਮਾਂ ਨਾਲ ਲੜ ਕੇ ਅੱਠ ਸਾਲ ਪਹਿਲਾਂ ਪਿੰਡ ਕੋਟਗੁਰੂ ਛੱਡ ਕੇ ਫਰੀਦਕੋਟ ਬਾਬਲ ਕਲਾਂ ਵਿੱਚ ਗੁਰਦੁਆਰਾ ਕੌਲਸਰ ਸਾਹਿਬ ਨਿਆਮੀਵਾਲਾ ਦੇ ਵਿੱਚ ਸੇਵਾ ਨਿਭਾ ਰਿਹਾ ਸੀ। ਜਿਸ ਦੇ ਉੱਪਰ ਪਹਿਲਾਂ ਵੀ ਹੱਤਿਆ ਦਾ ਮੁਕੱਦਮਾ ਦਰਜ ਸੀ ਅਤੇ ਉਹ ਜ਼ਮਾਨਤ 'ਤੇ ਬਾਹਰ ਆਇਆ ਸੀ।