ਬਰਨਾਲਾ: ਤਿੰਨ ਕਾਲੇ ਖੇਤੀ ਕਾਨੂੰਨਾਂ ਤੇ ਪਰਾਲੀ ਆਰਡੀਨੈਂਸ ਨੂੰ ਰੱਦ ਕਰਵਾਉਣ ਤੇ ਬਿਜਲੀ ਸੋਧ ਬਿੱਲ 2020 ਨੂੰ ਵਾਪਸ ਕਰਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਪਿਛਲੇ ਸਾਲ 1 ਅਕਤੂਬਰ ਤੋਂ ਸ਼ੁਰੂ ਹੋਏ ਧਰਨੇ ਦੇ 133ਵੇਂ ਦਿਨ ਅੱਜ ਵੱਖ-ਵੱਖ ਸੂਬਿਆਂ ਵਿਚ ਹੋ ਰਹੀਆਂ ਕਿਸਾਨ ਮਹਾਂ ਪੰਚਾਇਤਾਂ ਦਾ ਮੁੱਦਾ ਭਾਰੂ ਰਿਹਾ। ਪੰਜਾਬ ਵਿੱਚ ਵੀ ਅਜਿਹੀ ਕਿਸਾਨ ਮਹਾਂ-ਪੰਚਾਇਤ 11 ਫ਼ਰਵਰੀ ਦਿਨ ਵੀਰਵਾਰ ਨੂੰ ਜਗਰਾਉਂ ਵਿਖੇ ਕੀਤੀ ਜਾ ਰਹੀ ਹੈ, ਜਿਸ ਵਿਚ ਪਹੁੰਚਣ ਲਈ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ।
ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਦੇਵ ਸਿੰਘ ਮਾਂਗੇਵਾਲ, ਕਰਨੈਲ ਸਿੰਘ ਗਾਂਧੀ, ਨੇਕਦਰਸ਼ਨ ਸਿੰਘ, ਬਲਵੰਤ ਸਿੰਘ ਉਪਲੀ, ਗੁਲਾਬ ਸਿੰਘ ਗਿਲ, ਧਰਮਪਾਲ ਕੌਰ ਅਤੇ ਬਲਵੀਰ ਕੌਰ ਕਰਮਗੜ੍ਹ ਨੇ ਕਿਹਾ ਕਿ ਪਿਛਲੇ ਦਿਨਾਂ ‘ਚ ਯੂ.ਪੀ. ਰਾਜਸਥਾਨ ਤੇ ਹਰਿਆਣਾ ਸੂਬਿਆਂ ਵਿਚ ਬੁਲਾਈਆਂ ਗਈਆਂ ਮਹਾਂ-ਪੰਚਾਇਆਂ ਵਿੱਚ ਰਿਕਾਰਡ-ਤੋੜ ਇਕੱਠ ਹੋਏ। ਜਿਸ ਤੋਂ ਪਤਾ ਚਲਦਾ ਹੈ ਕਿ ਕਿਸਾਨ ਅੰਦੋਲਨ ਦਿਨ-ਬਦਿਨ ਮਜ਼ਬੂਤੀ ਪਕੜ ਰਿਹਾ ਹੈ। ਦੇਸ਼ ਭਰ ਵਿਚ ਹੋਏ ਵਿਆਪਕ ਸਫਲ ਚੱਕਾ-ਜਾਮ ਤੋਂ ਬਾਅਦ ਕਿਸਾਨ ਮਹਾਂ-ਪੰਚਾਇਤਾਂ ਵਿਚ ਉਮੜ ਰਹੇ ਵੱਡੇ ਹਜ਼ੂਮ ਸਰਕਾਰ ਦੀ ਨੀਂਦ ਉਡਾ ਰਹੇ ਹਨ। ਹਰ ਦਿਨ ਬੀਤਣ ਨਾਲ ਵਧੇਰੇ ਗਿਣਤੀ ਵਿਚ ਲੋਕ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਦੀ ਅਸਲੀਅਤ ਨੂੰ ਸਮਝਣ ਲੱਗੇ ਹਨ।
![ਸਾਂਝਾ ਕਿਸਾਨ ਮੋਰਚਾ : 11 ਫ਼ਰਵਰੀ ਨੂੰ ਕਿਸਾਨ ਮਹਾਂ-ਪੰਚਾਇਤ ਵਿੱਚ ਪਹੁੰਚਣ ਦੀ ਅਪੀਲ](https://etvbharatimages.akamaized.net/etvbharat/prod-images/10574879_ss.jpg)
ਆਪਣੇ ਸਾਂਝੇ ਹਿੱਤਾਂ ਲਈ ਰਣਤੱਤੇ ਵਿਚ ਨਿਕਲੇ ਲੋਕ ਫਿਰਕੂ ਵੰਡੀਆਂ ਭੁਲਾ ਕੇ ਆਪਣੇ ਸਾਂਝੇ ਦੁਸ਼ਮਣ ਨੂੰ ਸੰਬੋਧਿਤ ਰਹੇ ਹਨ। ਕੁੱਝ ਸਾਲ ਪਹਿਲਾਂ ਪੱਛਮੀ ਯੂਪੀ ਦਾ ਜੋ ਇਲਾਕਾ ਜਾਟ ਤੇ ਮੁਸਲਿਮ ਕਿਸਾਨਾਂ ਦਰਮਿਆਨ ਹੋਏ ਫਿਰਕੂ ਦੰਗਿਆਂ ਲਈ ਬਦਨਾਮ ਹੋਇਆ ਸੀ, ਉਥੇ ਹੁਣ ਇਨ੍ਹਾਂ ਫਿਰਕਿਆਂ ਦੀਆਂ ਸਾਂਝੀਆਂ ਕਿਸਾਨ ਮਹਾਂ-ਪੰਚਾਇਤਾਂ ਵਿੱਚ ਰਿਕਾਰਡ-ਤੋੜ ਸਾਂਝੇ ਇਕੱਠ ਹੋ ਰਹੇ ਹਨ। ਲੋਕ ਸਮਝ ਚੁੱਕੇ ਹਨ ਕਿ ਉਨ੍ਹਾਂ ਦਰਮਿਆਨ ਆਪਸ ਵਿੱਚ ਵੰਡੀਆਂ ਪਾ ਕੇ ਉਨ੍ਹਾਂ ਨੂੰ ਅਸਲੀ ਮੁੱਦਿਆਂ ਤੋਂ ਭਟਕਾਇਆ ਜਾ ਰਿਹਾ ਹੈ। ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਕੇ ਉਨ੍ਹਾਂ ਦੀ ਰੋਜ਼ੀ-ਰੋਟੀ ਖੋਹਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।
ਬੁਲਾਰਿਆਂ ਨੇ ਦੱਸਿਆ ਕਿ ਵੀਰਵਾਰ ਨੂੰ ਜਗਰਾਉਂ ਵਿਖੇ ਹੋਣ ਵਾਲੀ ਕਿਸਾਨ ਮਹਾਂ-ਪੰਚਾਇਤ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਪਹੁੰਚ ਰਹੇ ਹਨ, ਜੋ ਅੰਦੋਲਨ ਦੀ ਮੌਜੂਦਾ ਸਥਿਤੀ, ਸਰਕਾਰ ਨਾਲ ਹੋਈ ਗੱਲਬਾਤ ਅਤੇ ਅੰਦੋਲਨ ਦੇ ਭਵਿੱਖ ਬਾਰੇ ਖੁੱਲ ਕੇ ਦੱਸਣਗੇ। ਇਸ ਲਈ ਵੱਧ ਤੋਂ ਵੱਧ ਗਿਣਤੀ ਵਿਚ ਕਿਸਾਨਾਂ ਨੂੰ ਜਗਰਾਉਂ ਪਹੁੰਚ ਕੇ ਆਪਣੇ ਆਗੂਆਂ ਦੇ ਵਿਚਾਰ ਸੁਣਨੇ ਚਾਹੀਦੇ ਹਨ।