ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਮੋਰਚੇ ਲਈ ਲਗਾਤਾਰ ਪਿੰਡਾਂ ਵਿੱਚੋਂ ਕਾਫ਼ਲੇ ਰਵਾਨਾ ਹੋ ਰਹੇ ਹਨ। ਕਿਸਾਨਾਂ ਵਲੋਂ ਜਿੱਥੇ ਰਾਸ਼ਨ ਅਤੇ ਹੋਰ ਲੋੜੀਂਦਾ ਸਮਾਨ ਦਿੱਲੀ ਮੋਰਚੇ ਦੇ ਕਿਸਾਨਾਂ ਲਈ ਲਿਜਾਇਆ ਜਾ ਰਿਹਾ ਹੈ। ਉਥੇ ਅੱਜ ਪਿੰਡ ਚੀਮਾ ਤੋਂ ਅਜ਼ਾਦ ਸਪੋਰਟਸ ਕਲੱਬ ਦਾ ਜੱਥਾ 100 ਕੁਵਿੰਟਲ ਸੁੱਕਾ ਬਾਲਣ ਲੈ ਕੇ ਦਿੱਲੀ ਨੂੰ ਰਵਾਨਗੀ ਪਾਈ।
ਇਸ ਮੌਕੇ ਗੱਲਬਾਤ ਕਰਦਿਆਂ ਕਲੱਬ ਪ੍ਰਧਾਨ ਜੀਵਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਦਿੱਲੀ ਵਿਖੇ ਕਿਸਾਨਾਂ ਕੋਲ ਰਾਸ਼ਨ ਵੱਡੀ ਪੱਧਰ ’ਤੇ ਪਹੁੰਚ ਰਿਹਾ ਹੈ। ਠੰਢ ਦੇ ਮੌਸਮ ਤੇਜ਼ ਹੋਣ ਕਾਰਨ ਸੁੱਕੇ ਬਾਲਣ ਦੀ ਵੱਧ ਲੋੜ ਹੈ। ਜਿਸਨੂੰ ਧਿਆਨ ਵਿੱਚ ਰੱਖਦਿਆਂ ਕਲੱਬ ਵਲੋਂ ਲੱਕੜਾਂ ਅਤੇ ਪਾਥੀਆਂ ਪਿੰਡ ਵਿੱਚੋਂ ਇਕੱਠੀਆਂ ਕੀਤੀਆਂ ਗਈਆਂ ਹਨ।
ਮੈਬਰਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਹਰ ਲੋੜੀਦੀਂ ਵਸਤੂ ਸਾਡੇ ਕਲੱਬ ਦੁਆਰਾ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੇ ਜੇਕਰ ਕਿਹਾ ਹੈ ਕਿ ਸੰਘਰਸ਼ ਲਈ ਛੇ ਮਹੀਨੇ ਦੀ ਤਿਆਰੀ ਹੈ ਤਾਂ ਉਨ੍ਹਾਂ ਦੇ ਬੋਲਾਂ ਨੂੰ ਹਰ ਹਾਲ ’ਚ ਪੁਗਾਇਆ ਜਾਵੇਗਾ। ਇਹ ਲੜਾਈ ਹੁਣ ਕਿਸਾਨਾਂ ਤੱਕ ਸੀਮਤ ਨਾ ਰਹਿ ਕੇ ਸਮਾਜ ਦੇ ਹਰ ਵਰਗ ਦੀ ਹੋ ਗਈ ਹੈ ਤੇ ਲੋਕ ਆਪਣੀ ਸ਼ਰਧਾ ਅਨੁਸਾਰ ਕਿਸਾਨ ਅੰਦੋਲਨ ’ਚ ਯੋਗਦਾਨ ਪਾ ਰਹੇ ਹਨ।
ਉਨ੍ਹਾੰ ਦੱਸਿਆ ਕਿ "ਅਜ਼ਾਦ ਸਪੋਰਟਸ ਕਲੱਬ" ਦੇ ਮੈਬਰਾਂ ਨੇ ਮਹਿਸੂਸ ਕੀਤਾ ਕਿ ਵੱਧ ਰਹੀ ਠੰਡ ਕਾਰਨ ਬਜ਼ੁਰਗਾਂ ਨੂੰ ਨਹਾਉਣ ਤੇ ਭੋਜਨ ਪਕਾਉਣ ਵਾਸਤੇ ਬਾਲਣ ਦੀ ਜ਼ਰੂਰਤ ਹਰ ਹਾਲ ਪੈਂਦੀ ਹੈ। ਸੋ, ਮੈਬਰਾਂ ਨੂੰ ਪਿੰਡ ’ਚ ਸਾਂਝੀ ਮੁਹਿੰਮ ਰਾਹੀਂ ਬਾਲਣ ਇਕੱਠਾ ਕੀਤਾ, ਜਿਸਨੂੰ ਵੱਡੇ ਟਰਾਲਿਆਂ ਵਿੱਚ ਭਰ ਕੇ ਦਿੱਲੀ ਲਿਜਾਇਆ ਜਾ ਰਿਹਾ ਹੈ। ਕਲੱਬ ਦੇ ਮੈਬਰਾਂ ਨੇ ਦੱਸਿਆ ਕਿ ਇਸ ਸੁੱਕੇ ਬਾਲਣ ਨੂੰ ਟਿੱਕਰੀ ਅਤੇ ਸਿੰਘੂ ਦੇ ਬਾਰਡਰਾਂ ’ਤੇ ਪਹੁੰਚਦਾ ਕੀਤਾ ਜਾਵੇਗਾ।