ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ ਦੇ ਵਸਨੀਕ ਮੇਲਾ ਸਿੰਘ ਦਾ ਏਕਤਾ ਸੈਲਫ਼ ਹੈਲਪ ਗਰੁੱਪ ਦਿੱਲੀ ਦੇ ਰੋਹਿਨੀ ਇਲਾਕੇ ਵਿੱਚ ਲੱਗੇ 'ਸਰਸ ਅਜੀਵਿਕਾ ਮੇਲੇ' ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਰਿਹਾ ਹੈ। ਏਕਤਾ ਗਰੁੱਪ, ਪੰਜਾਬ ਦਾ ਇਕਲੌਤਾ ਗਰੁੱਪ ਹੈ, ਜਿਸ ਵੱਲੋਂ ਸਰਸ ਮੇਲੇ ਵਿੱਚ ਅਚਾਰ, ਚਟਨੀ ਅਤੇ ਮੁਰੱਬੇ ਜਿਹੇ ਉਤਪਾਦਾਂ ਦੀ ਸਟਾਲ ਲਾਈ ਗਈ ਹੈ ਅਤੇ ਲੋਕਾਂ ਵੱਲੋਂ ਸਟਾਲ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਏਕਤਾ ਸੈਲਫ਼ ਹੈਲਪ ਗਰੁੱਪ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਅਜੀਵਿਕਾ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਕਰੀਬ 400 ਗਰੁੱਪ ਵੱਖ-ਵੱਖ ਸਥਾਨਕ ਉਤਪਾਦਾਂ ਨੂੰ ਹੁਲਾਰਾ ਦੇ ਰਹੇ ਹਨ। ਇਨ੍ਹਾਂ ਵਿੱਚੋਂ ਖੁੱਡੀ ਕਲਾਂ ਦੇ ਏਕਤਾ ਗਰੁੱਪ ਵੱਲੋਂ ਵੱਖ-ਵੱਖ ਤਰ੍ਹਾਂ ਦੇ ਆਚਾਰ, ਚਟਨੀਆਂ ਅਤੇ ਮੁਰੱਬਿਆਂ ਰਾਹੀਂ ਦੇਸ਼ ਭਰ ਵਿੱਚ ਵੱਖਰੀ ਪਛਾਣ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅਚਾਰ, ਚਟਨੀ ਤੇ ਮੁਰੱਬਿਆ ਜਿਹੇ ਖਾਧ ਉਤਪਾਦਾਂ ਸ਼੍ਰੇਣੀ ਵਿੱਚ ਪੰਜਾਬ ਭਰ ਵਿਚੋਂ ਸਿਰਫ਼ ਬਰਨਾਲਾ ਦੇ ਇਸ ਗਰੁੱਪ ਨੂੰ ਸਰਸ ਮੇਲੇ ਲਈ ਚੁਣਿਆ ਗਿਆ ਹੈ, ਜੋ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ ਮੇਲਾ ਸਿੰਘ ਨੇ ਦੱਸਿਆ ਕਿ ਇਹ ਮੇਲਾ 14 ਜਨਵਰੀ ਤੋਂ ਸ਼ੁਰੂ ਹੋਇਆ ਸੀ, ਜੋ 17 ਜਨਵਰੀ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਉਨ੍ਹਾਂ ਦੇ ਪਿਤਾ ਅਮਰ ਸਿੰਘ ਅਤੇ ਮਾਤਾ ਮਲਕੀਤ ਕੌਰ ਵੀ ਸੇਵਾਵਾਂ ਨਿਭਾਅ ਰਹੇ ਹਨ ਅਤੇ ਪੂਰੀ ਟੀਮ ਦੀ ਮਿਹਨਤ ਸਦਕਾ ਏਕਤਾ ਗਰੁੱਪ ਦੀ ਸਟਾਲ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਟਾਲ ’ਤੇ 22 ਤਰ੍ਹਾਂ ਦੇ ਉਤਪਾਦ ਰੱਖੇ ਗਏ ਹਨ।
ਇਸ ਮੌਕੇ ਜ਼ਿਲ੍ਹਾ ਫੰਕਸ਼ਨਲ ਮੈਨੇਜਰ ਅਮਨਦੀਪ ਸਿੰਘ ਨੇ ਦੱਸਿਆ ਕਿ ਮੇਲਾ ਸਿੰਘ ਦਾ ਸੈਲਫ਼ ਹੈਲਪ ਗਰੁੱਪ ਪੰਜਾਬ ’ਚ ਹੀ ਨਹੀਂ, ਸਗੋਂ ਸਮੁੱਚੇ ਭਾਰਤ ’ਚ ਲੱਗਣ ਵਾਲੇ ਮੇਲਿਆਂ ਅਤੇ ਪ੍ਰਦਰਸ਼ਨੀਆਂ ’ਚ ਹਿੱਸਾ ਲੈ ਕੇ ਆਪਣੇ ਹੱਥੀਂ ਬਣਾਈਆਂ ਵਸਤਾਂ ਵੇਚ ਕੇ ਚੰਗੀ ਕਮਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲਾ ਸਿੰਘ ਨੇ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਤਹਿਤ ਸਵੈ-ਰੁਜ਼ਗਾਰ ਦੀ ਸਿਖਲਾਈ ਲੈਣ ਤੋਂ ਬਾਅਦ ਆਪਣੇ ਕਾਰੋਬਾਰ ਨੂੰ ਬਾਖੂਬੀ ਸਫਲ ਬਣਾ ਲਿਆ ਤੇ ਮੌਜੂਦਾ ਸਮੇਂ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੀਆਂ ਸਟਾਲਾਂ ਲਗਾ ਕੇ ਪੰਜਾਬ ਅਤੇ ਜ਼ਿਲ੍ਹਾ ਬਰਨਾਲਾ ਦਾ ਮਾਣ ਵਧਾ ਰਿਹਾ ਹੈ।