ਬਰਨਾਲਾ: ਫਿਰੋਜ਼ਪੁਰ ਤੋਂ ਆਏ ਪ੍ਰੇਮੀ ਜੋੜੇ ਨੇ ਵੀਰਵਾਰ ਨੂੰ ਬਰਨਾਲਾ ਦੇ ਬੱਸ ਅੱਡੇ ਨੇੜੇ ਜ਼ਹਿਰ ਨਿਗਲ ਲਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਜ਼ਹਿਰ ਖਾ ਕੇ ਸਿਵਲ ਹਸਪਤਾਲ ਪਹੁੰਚੇ ਅਤੇ ਦੋਵਾਂ ਨੂੰ ਗੰਭੀਰ ਹਾਲਤ ਵਿੱਚ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਲੜਕੀ ਨਾਬਾਲਿਗ ਹੈ ਅਤੇ ਲੜਕਾ ਕਰੀਬ 22 ਸਾਲ ਦਾ ਹੈ। ਪੁਲਿਸ ਨੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਸਿਟੀ ਥਾਣੇ ਦੇ ਐਸਐਚਓ ਗੁਰਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਅਤੇ ਸੀਆਈਡੀ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਇੱਕ ਲੜਕਾ ਅਤੇ ਲੜਕੀ ਜ਼ਹਿਰੀਲਾ ਪਦਾਰਥਾਂ ਦਾ ਸੇਵਨ ਕਰਕੇ ਸਰਕਾਰੀ ਹਸਪਤਾਲ ਆਏ ਹਨ। ਜਦੋਂ ਪੁਲਿਸ ਪਾਰਟੀ ਉਥੇ ਪਹੁੰਚੀ ਤਾਂ ਪਤਾ ਲੱਗਿਆ ਕਿ ਲੜਕੇ ਦਾ ਨਾਮ ਨੀਰਵੀਰ ਸਿੰਘ ਹੈ ਅਤੇ ਲੜਕੀ ਇੱਕ ਨਾਬਾਲਿਗ ਹੈ। ਦੋਵੇਂ ਜ਼ਿਲ੍ਹਾ ਫਿਰੋਜਪੁਰ ਨਾਲ ਸਬੰਧਤ ਹਨ ਜੋ ਬੀਤੀ ਰਾਤ ਘਰੋਂ ਆਏ ਸੀ।
ਦੱਸਿਆ ਜਾ ਰਿਹਾ ਹੈ ਕਿ ਲੜਕਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਠੇਠਰ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਨੇ ਕੋਈ ਜਹਿਰੀਲੀ ਚੀਜ਼ ਨਿਗਲੀ ਹੋਈ ਹੈ। ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਹਨਾਂ ਨੇ ਕੀ ਖਾਧਾ ਹੈ। ਲੜਕੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਤੋਂ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਦੇ ਵਾਰਸਾਂ ਨੂੰ ਜਲਦੀ ਤੋਂ ਜਲਦੀ ਇਸ ਬਾਰੇ ਦੱਸਿਆ ਜਾ ਸਕੇ ਅਤੇ ਕੇਸ ਦੀ ਕਾਰਵਾਈ ਅੱਗੇ ਵਧਾਈ ਜਾ ਸਕੇ।