ਬਰਨਾਲਾ: ਜ਼ਿਲ੍ਹੇ ਦੇ ਪਿੰਡ ਚੀਮਾ ਨੇੜੇ ਲੱਗੇ ਟੋਲ ਪਲਾਜ਼ਾ ਨੂੰ ਚਾਲੂ ਕਰਨ ਦੇ ਅੱਧੇ ਘੰਟੇ ਅੰਦਰ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (Bhartiya Kisan Union Ekta Dakonda) ਨੇ ਬੰਦ ਕਰਵਾ ਦਿੱਤਾ। ਇਸ ਮੌਕੇ ਜੱਥੇਬੰਦੀਆਂ ਆਗੂਆਂ ਅਤੇ ਆਸੇ-ਪਾਸੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਟੋਲ ਕੰਪਨੀ, ਨੈਸ਼ਨਲ ਹਾਈਵੇ ਅਥਾਰਟੀ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਜੱਥੇਬੰਦੀ ਦੇ ਆਗੂ ਹਰਮੰਡਲ ਸਿੰਘ ਜੋਧਪੁਰ ਨੇ ਕਿਹਾ ਕਿ ਇਹ ਟੌਲ ਸਿਰਫ਼ ਨੈਸ਼ਨਲ ਹਾਈਵੇ ਬਰਨਾਲਾ-ਮੋਗਾ ਸੜਕ 'ਤੇ ਲਗਾਇਆ ਜਾਣਾ ਚਾਹੀਦਾ ਸੀ। ਜਦਕਿ ਇਹ ਜਗ੍ਹਾ ਬਰਨਾਲਾ ਤੋਂ ਫ਼ਰੀਦਕੋਟ ਅਤੇ ਮੋਗਾ ਨੂੰ ਜਾਣ ਵਾਲੀ ਸਾਂਝੀ ਸੜਕ ਹੈ।
ਫ਼ਰੀਦਕੋਟ ਸੜਕ ਰਾਜ ਮਾਰਗ ਹੈ ਅਤੇ ਇਸ ਸੜਕ ਦੀ ਹਾਲਤ ਬੇਹੱਦ ਖਸਤਾ ਹੈ। ਇਸ ਸੜਕ ਤੋਂ ਸ਼ਹਿਣਾ, ਭਦੌੜ ਅਤੇ ਹੋਰ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਦੀ ਵਾਧੂ ਲੁੱਟ ਕੀਤੀ ਜਾਣੀ ਹੈ। ਉਹਨਾਂ ਕਿਹਾ ਕਿ ਟੋਲ ਫ਼ੀਸ ਵੀ ਆਮ ਨਾਲੋਂ ਦੋਗੁਣੀ ਲਈ ਜਾ ਰਹੀ ਹੈ, ਜਿਸਨੂੰ ਆਮ ਲੋਕਾਂ ਲਈ ਘੱਟ ਕੀਤਾ ਜਾਵੇ। ਇਸਦੇ ਨਾਲ ਹੀ ਆਲੇ-ਦੁਆਲੇ ਦੇ ਕਰੀਬ ਪੰਜ ਕਿਲੋਮੀਟਰ ਦਾਇਰੇ ਦੇ ਪਿੰਡਾਂ ਦੇ ਲੋਕਾਂ ਤੋਂ ਟੌਲ ਫ਼ੀਸ ਨਾ ਲਈ ਜਾਵੇ।
ਆਗੂਆਂ ਨੇ ਕਿਹਾ ਕਿ ਟੋਲ ਤੋਂ ਦੋ ਕਿਲੋਮੀਟਰ ਦੂਰ ਪਿੰਡ ਚੀਮਾ ਅਤੇ ਜੋਧਪੁਰ ਨੂੰ ਕੋਈ ਕੱਟ ਨਹੀਂ ਦਿੱਤਾ ਗਿਆ, ਜਦਕਿ ਗੈਰਕਾਨੂੰਨੀ ਕੱਟ ਹੋਣ ਕਾਰਨ ਰੋਜ਼ਾਨਾ ਸੜਕ ਹਾਦਸੇ ਵਾਪਰ ਰਹੇ ਹਨ। ਜਿਸ ਕਰਕੇ ਸਹੀ ਤਰੀਕੇ ਕੱਟ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸਨਅਤੀ ਕਸਬਾ ਪੱਖੋ-ਕੈਂਚੀਆਂ ਦੇ ਦੁਕਾਨਦਾਰਾਂ ਤੇ ਵਪਾਰੀਆਂ ਦਾ ਰੋਜ਼ਾਨਾ ਬਰਨਾਲਾ ਜਾਣ ਲਈ ਇਸ ਸੜਕ ਨੂੰ ਸਿਰਫ਼ ਸੱਤ ਕਿਲੋਮੀਟਰ ਵਰਤਣਾ ਹੈ, ਜਦਕਿ ਟੌਲ ਫ਼ੀਸ ਪੂਰੀ ਦੇਣੀ ਪਵੇਗੀ, ਜੋ ਗ਼ਲਤ ਹੈ।
ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਿੰਨਾਂ ਸਮਾਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨਾਂ ਸਮਾਂ ਟੋਲ ਨਹੀਂ ਚੱਲਣ ਦੇਵਾਂਗੇ ਅਤੇ ਇੱਥੇ ਮੋਰਚਾ ਜਾਰੀ ਰਹੇਗਾ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਖ਼ਿਲਾਫ਼ ਕਿਸਾਨਾਂ ਦੇ ਧਰਨੇ ਜਾਰੀ