ਬਰਨਾਲਾ: ਜ਼ਿਲ੍ਹੇ ਦੇ ਪਿੰਡ ਗਹਿਲਾ ਦੇ ਗੁਰਦੁਆਰਾ ਬਾਬਾ ਰਵਿਦਾਸ ਭਗਤ ਜੀ ਦੀ ਪ੍ਰਬੰਧਕ ਕਮੇਟੀ ਵਿੱਚ ਡੇਰਾ ਸਿਰਸਾ( Dera Sirsa ) ਨਾਲ ਜੁੜੇ ਵਿਅਕਤੀ ਨੂੰ ਹਟਾਏ ਜਾਣ ਦਾ ਮਾਮਲਾ ਕਾਫੀ ਤੂਲ ਫੜ ਗਿਆ ਹੈ। ਗੁਰਦੁਆਰਾ ਕਮੇਟੀ ਦੇ ਕੁੱਝ ਆਗੂਆਂ ਵਲੋਂ ਇੱਕ ਲਿਖਤੀ ਸ਼ਿਕਾਇਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੂੰ ਕੀਤੀ ਗਈ ਸੀ। ਜਿਸ ਵਿੱਚ ਉਹਨਾਂ ਇਲਜ਼ਾਮ ਲਗਾਏ ਹਨ ਕਿ ਕਮੇਟੀ ਦੇ ਖਜ਼ਾਨਚੀ ਵਜੋਂ ਕੰਮ ਕਰ ਰਿਹਾ ਵਿਅਕਤੀ ਮੇਜਰ ਸਿੰਘ ਡੇਰਾ ਸਿਰਸਾ ਦਾ ਸਮਰਥਕ ਹੈ ਅਤੇ ਮੌਜੂਦਾ ਭੰਗੀਦਾਸ ਹੈ। ਇਸ ਵੱਲੋਂ ਇੱਕ ਵਾਰ ਗੁਰੂਘਰ ਵਿੱਚੋਂ ਡੇਰੇ ਸਿਰਸੇ ਦਾ ਨਾਅਰਾ ਵੀ ਲਗਾਇਆ ਗਿਆ ਸੀ। ਜਿਸਦੀ ਉਸ ਸਮੇਂ ਪਿੰਡ ਦੀ ਪੰਚਾਇਤ ਨੇ ਸਜ਼ਾ ਇਸਨੂੰ ਲਗਾਈ ਸੀ। ਇਸਤੋਂ ਇਲਾਵਾ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਹੋਣ ਮੌਕੇ ਵੀ ਇਸਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ। ਜਿਸ ਕਰਕੇ ਇਸਨੂੰ ਕਮੇਟੀ ਵਿੱਚੋਂ ਹਟਾਇਆ ਜਾਵੇ।
ਇਸ ਸ਼ਿਕਾਇਤ ਤੋਂ ਬਾਅਦ ਤਖ਼ਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਟੀਮ ਅਤੇ ਐਸਜੀਪੀਸੀ ਦੇ ਕਾਰਜਕਾਰਨੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ ਪਿੰਡ ਪਹੁੰਚੇ। ਸ਼ਿਕਾਇਤਕਰਤਾ ਧਿਰ ਵੱਲੋਂ ਆਪਣਾ ਪੱਖ ਪੰਜ ਪਿਆਰਿਆਂ ਅੱਗੇ ਰੱਖਿਆ ਗਿਆ। ਜਦਕਿ ਇਲਜ਼ਾਮਾਂ ਦਾ ਸਾਹਮਣਾ ਕਰਨ ਵਾਲਾ ਮੇਜਰ ਸਿੰਘ ਨਾ ਪਹੁੰਚਿਆ। ਜਿਸਤੋਂ ਬਾਅਦ ਪੰਜ ਪਿਆਰਿਆਂ ਨੇ ਮੇਜਰ ਸਿੰਘ ਨੂੰ ਸੱਤ ਦਿਨਾਂ ਵਿੱਚ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਹੁਕਮ ਦਿੱਤਾ ਹੈ। ਇਸ ਮੌਕੇ ਮਾਹੌਲ ਸ਼ਾਂਤੀਪੂਰਵਕ ਬਣਾਉਣ ਲਈ ਮੌਕੇ 'ਤੇ ਥਾਣਾ ਟੱਲੇਵਾਲ ਦੀ ਪੁਲਿਸ ਪਾਰਟੀ ਵੀ ਹਾਜ਼ਰ ਸੀ।
ਓਧਰ ਇਸ ਸਬੰਧੀ ਮੇਜਰ ਸਿੰਘ ਨੇ ਮੰਨਿਆ ਕਿ ਉਹ ਡੇਰੇ ਸਿਰਸਾ ਨਾਲ ਜੁੜਿਆ ਹੋਇਆ ਹੈ ਪਰ ਉਹ ਗੁਰੂ-ਘਰ ਨਾਲ ਸੱਚੇ ਦਿਲੋਂ ਜੁੜਕੇ ਸੇਵਾ ਕਰਦਾ ਆ ਰਿਹਾ ਹੈ। ਉਸ ਉਪਰ ਇਲਜ਼ਾਮ ਲਗਾਉਣ ਵਾਲੇ ਵਿਅਕਤੀ ਖੁਦ ਭ੍ਰਿਸ਼ਟ ਹਨ। ਜਿਸ ਕਰਕੇ ਉਸਨੂੰ ਕਮੇਟੀ ਵਿੱਚੋਂ ਹਟਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਫਤੇ ਅੰਦਰ ਉਹ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਆਪਣਾ ਪੱਖ ਪੰਜ ਪਿਆਰਿਆਂ ਅੱਗੇ ਜ਼ਰੂਰ ਰੱਖਣਗੇ।
ਇਹ ਵੀ ਪੜ੍ਹੋ:ਡੀ.ਏ.ਪੀ ਖਾਦ ਦੀ ਘਾਟ ਨੂੰ ਲੈਕੇ ਆਪ ਨੇ ਮੋਦੀ ਤੇ ਚੰਨੀ ਸਰਕਾਰ ਤੇ ਚੁੱਕੇ ਸਵਾਲ