ਅੱਜ ਦਾ ਮੁੱਖਵਾਕ
ਵਿਆਖਿਆ : ਵਡਹੰਸੁ ਮਹਲਾ, ਛੰਤ ਪਹਿਲਾ
ਸਰੀਰ ਨੂੰ, ਹਿਰਦੇ ਨੂੰ ਮਾਇਆ ਦੇ ਮੋਹ ਵਿੱਚ ਗੰਦਾ ਕਰ ਕੇ ਤੀਰਥ ਇਸ਼ਨਾਨ ਕਰਨ ਦਾ ਕੋਈ ਫਾਇਦਾ ਨਹੀਂ ਹੈ। ਉਹ ਮਨੁੱਖ ਨਾਤਾ ਹੋਇਆ ਪਵਿੱਤਰ ਹੈ ਤੇ ਉਹੀ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੈ, ਜੋ ਸਦਾ ਸਥਿਰ ਪ੍ਰਭੂ ਨਾਮ ਦੇ ਸਿਮਰਨ ਦੀ ਕਮਾਈ ਕਰਦਾ ਹੈ। ਜਦੋਂ ਸਦਾ ਸਥਿਰ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਜੀਵ ਹਮੇਸ਼ਾ ਪ੍ਰਭੂ ਨਾਲ ਇਕਮਿਕ ਹੋ ਜਾਂਦਾ ਹੈ, ਉਦੋਂ ਸਦਾ ਸਥਿਰ ਰਹਿਣ ਵਾਲਾ ਪ੍ਰਮਾਤਮਾ ਮਿਲ ਜਾਂਦਾ ਹੈ, ਪਰ ਪ੍ਰਭੂ ਦੇ ਹੁਕਮ ਤੋਂ ਬਿਨਾਂ ਮਨੁੱਖ ਦੀ ਸੁਰਤੀ ਕੂੜ ਵਿਚੋਂ ਨਿਕਲ ਕੇ ਉੱਚੀ ਨਹੀਂ ਹੋ ਸਕਦੀ। ਜ਼ੁਬਾਨੀ ਗਿਆਨ ਦੀਆਂ ਗੱਲਾਂ ਕਰ ਕੇ, ਸਗੋ ਆਪਣਾ ਆਤਮਿਕ ਜੀਵਨ ਹੋਰ ਖ਼ਰਾਬ ਕਰਦਾ ਹੈ। ਜਿੱਥੇ ਵੀ, ਭਾਵ, ਸਾਧ ਸੰਗਤ ਵਿੱਚ ਜਾ ਕੇ ਐਲੀਏ, ਪ੍ਰਭੂ ਦੀ ਸਿਫ਼ਤਿ ਸਾਲਾਹਿ ਕਰਨੀ ਚਾਹੀਦੀ ਹੈ। ਆਪਣੀ ਸੁਰਤੀ ਵਿੱਚ ਪ੍ਰਭੂ ਦੀ ਸਿਫ਼ਤਿ ਸਾਲਾਹਿ ਦੀ ਬਾਣੀ ਪਰੋ ਲੈਣੀ ਚਾਹੀਦੀ ਹੈ। ਨਹੀਂ ਤਾਂ, ਹਿਰਦੇ ਨੂੰ ਮਾਇਆ ਦੇ ਮੋਹ ਵਿੱਚ ਮੈਲਾ ਕਰ ਕੇ ਤੀਰਥ ਇਸ਼ਨਾਨ ਦਾ ਕੀ ਲਾਭ ਹੈ?।੧।
ਪਰ, ਇਹ ਸਿਫ਼ਤਿ ਸਾਲਾਹਿ, ਹੇ ਪ੍ਰਭੂ, ਤੇਰੀ ਆਪਣੀ ਬਖ਼ਸ਼ਿਸ਼ ਹੈ। ਮੈਂ ਉਦੋਂ ਹੀ ਤੇਰੀ ਸਿਫ਼ਤਿ ਸਾਲਾਹਿ ਕਰ ਸਕਦਾ ਹਾਂ, ਜਦੋਂ ਤੂੰ ਆਪ ਅਜਿਹਾ ਕਰਨ ਲਈ ਪ੍ਰੇਰਦਾ ਹੈ। ਪ੍ਰਭੂ ਦੀ ਮਿਹਰ ਨਾਲ ਹੀ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਮੇਰੇ ਮਨ ਵਿੱਚ ਪਿਆਰਾ ਲੱਗ ਸਕਦਾ ਹੈ। ਜਦੋਂ ਪ੍ਰਭੂ ਦਾ ਨਾਮ ਮਨ ਵਿੱਚ ਮਿੱਠਾ ਲੱਗਦਾ ਹੈ, ਉਦੋਂ ਦੁੱਖ, ਉਸ ਮਨ ਵਿਚੋਂ ਆਪਣਾ ਡੇਰਾ ਚੁੱਕ ਲੈਂਦੇ ਹਨ। ਹੇ ਪ੍ਰਭੂ, ਜਦੋਂ ਤੂੰ ਹੁਕਮ ਕੀਤਾ, ਉਦੋਂ ਆਤਮਿਕ ਆਨੰਦ ਮੇਰੇ ਮਨ ਵਿੱਚ ਆ ਵੱਸਦਾ ਹੈ। ਹੇ ਪ੍ਰਭੂ, ਜਿਸ ਨੇ ਆਪਣੇ ਆਪ ਨੂੰ ਜਗਤ ਰੂਪ ਵਿੱਚ ਪ੍ਰਗਟ ਕੀਤਾ ਹੈ। ਜਦੋਂ ਤੂੰ ਮੈਨੂੰ ਪ੍ਰੇਰਨਾ ਦਿੰਦਾ ਹੈ, ਉਦੋਂ ਹੀ ਮੈਂ ਤੇਰੀ ਸਿਫ਼ਤਿ ਸਾਲਾਹਿ ਕਰ ਸਕਦਾ ਹਾਂ, ਭਾਵ ਨਾਮ ਜਪਦਾ ਹਾਂ। ਮੇਰੀ ਤਾਂ ਤੇਰੇ ਦਰ ਉੱਤੇ ਅਰਦਾਸ ਹੀ ਹੁੰਦੀ ਹੈ, ਮਿਹਰ ਦੀ ਨਜ਼ਰ ਤੂੰ ਆਪ ਕਰਦਾ ਹੈ।੨।
ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਖਸਮ ਯਾਨੀ ਪ੍ਰਭੂ ਹਰੇਕ ਜੀਵ ਨੂੰ ਮਨੁੱਖਾਂ ਜਨਮ ਦੀ ਵਾਰੀ ਦਿੰਦਾ ਹੈ। ਪਿਛਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਬਣਾਉਂਦਾ ਹੈ। ਇਸ ਲਈ ਕਿਸੇ ਮਨੁੱਖ ਨੂੰ ਗ਼ਲਤ ਆਖ ਕੇ ਕੋਈ ਝਗੜਾ ਨਹੀਂ ਕਰਨਾ ਚਾਹੀਦਾ। ਭੈੜਾ ਮਨੁੱਖ ਪ੍ਰਭੂ ਦੀ ਰਜ਼ਾ ਵਿੱਚ ਹੀ ਬਣਿਆ ਹੈ। ਅਜਿਹੇ ਜੀਵ ਨੂੰ ਨਿੰਦਾ ਪ੍ਰਭੂ ਨਾਲ ਝਗੜਾ ਹੈ। ਸੋ ਹੇ ਭਾਈ, ਮਾਲਕ ਪ੍ਰਭੂ ਨਾਲ ਝਗੜਾ ਨਹੀਂ ਪਾਉਣਾ ਚਾਹੀਦਾ। ਇਸ ਤਰ੍ਹਾਂ, ਤਾਂ ਆਪਣੇ ਆਪ ਨੂੰ ਆਪ ਤਬਾਹ ਕਰ ਲੈਂਦਾ ਹੈ। ਜਿਹੜੇ ਮਾਲਿਕ ਦੇ ਆਸਰੇ ਸਦਾ ਜਿਉਣਾ ਹੈ, ਉਸ ਨਾਲ ਹੀ, ਬਰਾਬਰੀ ਕਰ ਕੇ ਜੋ ਦੁੱਖ ਪ੍ਰਾਪਤ ਹੋਇਆ, ਤਾਂ ਫਿਰ ਉਸ ਕੋਲ ਹੀ ਜਾ ਕੇ ਪੁਕਾਰ ਕਰਨ ਦਾ ਕੋਈ ਲਾਭ ਨਹੀਂ ਹੋ ਸਕਦਾ।
ਪ੍ਰਮਾਤਮਾ, ਜਿਹੜਾ ਦੁੱਖ ਦਿੰਦਾ ਹੈ, ਉਹ ਖਿੜੇ ਮੱਥੇ ਸਹਾਰ ਲੈਣਾ ਚਾਹੀਦਾ ਹੈ। ਗ਼ਿਲਾ ਨਹੀਂ ਕਰਨਾ ਚਾਹੀਦੀ, ਗ਼ਿਲਾ ਕਰ ਕੇ ਵਿਅਰਥ ਬੋਲ ਬੁਲਾਰਾ ਨਹੀਂ ਕਰਨਾ ਚਾਹੀਦਾ। ਅਸਲ ਵਿੱਚ ਸਾਡੇ ਕੀਤੇ ਕਰਮਾਂ ਅਨੁਸਾਰ ਖਸਮ ਰੂਪੀ ਪ੍ਰਭੂ ਸਾਨੂੰ ਮਨੁੱਖਾਂ ਜਨਮ ਦੀ ਵਾਰੀ ਦਿੰਦਾ ਹੈ।੩।
ਸਾਰੀ ਦੁਨੀਆ ਪ੍ਰਮਾਤਮਾ ਨੇ ਆਪ ਪੈਦਾ ਕੀਤੀ ਹੈ। ਆਪ ਹੀ ਹਰੇਕ ਜੀਵ ਉਤੇ ਮੋਹਰ ਦੀ ਨਿਗ੍ਹਾਂ ਰੱਖਦਾ ਹੈ। ਉਸ ਦੇ ਦਰ ਤੋਂ ਸਭ ਜੀਵ ਦਾਤਾਂ ਮੰਗਦੇ ਹਨ, ਕੌੜੀ ਚੀਜ਼ ਕੋਈ ਵੀ ਨਹੀਂ ਮੰਗਦਾ। ਹਰੇਕ ਜੀਵ ਮਿੱਠੀਆਂ ਸੁੱਖਦਾਈ ਚੀਜ਼ਾਂ ਹੀ ਮੰਗਦਾ ਹੈ। ਹਰੇਕ ਜੀਵ ਮਿੱਠੇ ਪਦਾਰਥਾਂ ਦੀ ਮੰਗ ਹੀ ਮੰਗਦਾ ਹੈ, ਪਰ ਪ੍ਰਭੂ ਉਹੀ ਕੁਝ ਕਰਦਾ ਹੈ, ਜੋ ਉਸ ਨੂੰ ਚੰਗਾ ਲੱਗਦਾ ਹੈ। ਜੀਵ ਦੁਨੀਆ ਦੇ ਮਿੱਠੇ ਪਦਾਰਥਾਂ ਭਾਵ ਮੋਹ ਮਾਇਆ ਦੀ ਖ਼ਾਤਰ ਦਾਨ ਪੁੰਨ ਕਰਦੇ ਹਨ। ਇਹੋ ਜਿਹੇ ਹੋਰ ਵੀ ਅਨੇਕਾਂ ਧਾਰਮਿਕ ਕੰਮ ਕਰਦੇ ਹਨ, ਪਰ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਹੋਰ ਕੋਈ ਉੱਦਮ ਨਹੀਂ ਹੈ।
ਹੇ ਨਾਨਕ, ਜਿਨ੍ਹਾਂ ਬੰਦਿਆਂ ਉੱਤੇ ਧੁਰੋਂ ਪ੍ਰਮਾਤਮਾ ਵਲੋਂ ਕਦੇ ਬਖ਼ਸ਼ਿਸ਼ ਹੁੰਦੀ ਹੈ, ਉਨ੍ਹਾਂ ਨੂੰ ਨਾਮ ਦੀ ਦਾਤਿ ਮਿਲਦੀ ਹੈ। ਇਹ ਸਾਰਾ ਜਗ ਪ੍ਰਭੂ ਪ੍ਰਰਮਾਤਮਾ ਨੇ ਆਪ ਹੀ ਪੈਦਾ ਕੀਤਾ ਹੈ ਤੇ ਆਪ ਹੀ ਸਭ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ।੪।੧। ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!