ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਰਾਹਗੀਰ ਨਾਲ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਜੰਡਿਆਲਾ ਗੁਰੂ ਵਿਖੇ ਔਰਤ ਨਾਲ ਲੁੱਟ-ਖੋਹ ਕਰਨ ਵਾਲੇ 2 ਨੌਜਵਾਨਾਂ ਚੋਂ ਇੱਕ ਨੌਜਵਾਨ ਨੂੰ ਲੋਕਾਂ ਨੇ ਕਾਬੂ ਕੀਤਾ। ਫੜ੍ਹੇ ਗਏ ਨੌਜਵਾਨ ਦੀ ਲੋਕਾਂ ਨੇ ਪਹਿਲਾਂ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੀੜਤ ਔਰਤ ਦੇ ਕੰਨਾਂ ਚੋਂ ਖੋਹਿਆ ਵਾਲੀਆਂ ਵੀ ਉਸ ਫੜ੍ਹੇ ਗਏ ਨੌਜਵਾਨ ਕੋਲੋਂ ਮਿਲ ਗਈਆਂ ਹਨ, ਉੱਥੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵੇਲ੍ਹੇ 2 ਨੌਜਵਾਨ ਸਨ, ਜਿਨ੍ਹਾਂ ਚੋਂ ਇੱਕ ਫ਼ਰਾਰ ਹੋ ਗਿਆ, ਪਰ ਇਹ ਕਾਬੂ ਆ ਗਿਆ।
ਪੀੜਤ ਨੇ ਦੱਸੀ ਹੱਡਬੀਤੀ: ਪੀੜਤ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਡਾਕਟਰ ਕੋਲ ਲੈ ਕੇ ਆਇਆ ਸੀ ਅਤੇ ਦਵਾਈ ਲੈ ਕੇ ਮੋਟਰਸਾਈਕਲ ਉੱਤੇ ਵਾਪਸ ਘਰ ਜਾ ਰਿਹਾ ਸੀ। ਰਸਤੇ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਿਛਿਓਂ ਦੀ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਉਸ ਦੀ ਪਤਨੀ ਦੇ ਕੰਨਾਂ ਚੋਂ ਵਾਲੀਆਂ ਪੁੱਟ ਕੇ ਫ਼ਰਾਰ ਹੋ ਗਿਆ। ਪੀੜਤ ਨੇ ਦੱਸਿਆ ਕਿ ਪਤਨੀ ਨੂੰ ਕੰਨਾਂ ਵਿੱਚ ਕਾਫੀ ਸੱਟ ਲੱਗੀ ਹੈ ਅਤੇ ਗੋਡੇ ਵੀ ਛਿੱਲੇ ਗਏ।
ਮੌਕੇ ਉੱਤੇ ਲੋਕਾਂ ਨੇ ਇੱਕ ਨੂੰ ਕੀਤਾ ਕਾਬੂ: ਨਰਿੰਦਰ ਨੇ ਦੱਸਿਆ ਕਿ ਮੌਕੇ ਉੱਤੇ ਲੋਕਾਂ ਨੇ ਇਨ੍ਹਾਂ ਦੋਨੋਂ ਮੁਲਜ਼ਮਾਂ ਦਾ ਪਿੱਛਾ ਕੀਤਾ ਅਤੇ ਇਨ੍ਹਾਂ ਚੋਂ ਇੱਕ ਨੂੰ ਕਾਬੂ ਕਰ ਲਿਆ, ਪਰ ਦੂਜਾ ਫ਼ਰਾਰ ਹੋ ਗਿਆ। ਪਹਿਲਾਂ ਲੋਕਾਂ ਨੇ ਫੜ੍ਹੇ ਗਏ ਮੁਲਜ਼ਮ ਦੀ ਛਿੱਤਰ ਪਰੇਡ ਕੀਤੀ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ। ਫਿਲਹਾਲ ਪੁਲਿਸ ਉਸ ਨੂੰ ਆਪਣੇ ਨਾਲ ਥਾਣੇ ਲੈ ਗਈ ਹੈ।
ਲੁੱਟ-ਖੋਹ ਦਾ ਮਾਮਲਾ ਕੀਤਾ ਦਰਜ: ਇੰਸਪੈਕਟਰ ਲਵਪ੍ਰੀਤ ਸਿੰਘ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਭੀੜ ਵਲੋਂ ਸਾਨੂੰ ਇੱਕ ਨੌਜਵਾਨ ਸੌਂਪਿਆ ਗਿਆ ਜਿਸ ਉੱਤੇ ਲੁੱਟ-ਖੋਹ ਦੇ ਦੋਸ਼ ਲਾਏ ਗਏ ਹਨ। ਉਸ ਉੱਤੇ ਮਾਮਲਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਵਾਰਦਾਤ ਨੂੰ ਅੰਜਾਮ ਦੇਣ ਸਮੇਂ ਇਸ ਫੜ੍ਹੇ ਗਏ ਮੁਲਜ਼ਮ ਨਾਲ ਮੌਜੂਦ ਉਸ ਦੇ ਦੂਜੇ ਸਾਥੀ ਦੀ ਭਾਲ ਵੀ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।