ਐਸਜੀਪੀਸੀ ਦੀ ਸੰਗਤਾਂ ਨੂੰ ਅਪੀਲ, ਹੱਥ ਮਿਲਾਉਣ ਦੀ ਥਾਂ ਬੁਲਾਈ ਜਾਵੇ 'ਫ਼ਤਿਹ' - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਕਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਵੱਲੋਂ ਸੰਗਤ ਨੂੰ ਫ਼ਤਿਹ ਬੁਲਾਉਣ ਦੀ ਅਪੀਲ, ਹੱਥ ਮਿਲਾਉਣ ਤੋਂ ਨਾ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਹੰਗਾਮੀ ਮੀਟਿੰਗ ਕੀਤੀ ਗਈ।
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਦੇ ਦਫ਼ਤਰ 'ਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਟੀਚਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਉਣ ਵਾਲੀ ਸੰਗਤ ਨੂੰ ਕੋਰੋਨਾ ਵਾਇਰਸ ਤੋਂ ਜਾਗਰੂਕ ਕਰਨਾ ਰਿਹਾ। ਮੀਟਿੰਗ ਵਿੱਚ ਮੁੱਖ ਸਕੱਤਰ ਡਾ. ਰੂਪ ਸਿੰਘ, ਮੀਤ ਸਕੱਤਰ ਅਤੇ ਮੈਨੇਜਰ ਸ਼ਾਮਲ ਹੋਏ।
ਕੋਰੋਨਾ ਦੇ ਬਚਾਅ ਤੇ ਉਪਾਅ ਲਈ ਖਾਸ ਗੱਲਬਾਤ ਕਰਦਿਆਂ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਦੇਸ਼-ਵਿਦੇਸ਼ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਆਉਂਦੀਆਂ ਹਨ, ਇਸ ਲਈ ਇੱਥੇ ਧਿਆਨ ਰੱਖਣ ਦੀ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਆਪਣਾ ਫਰਜ਼ ਸਮਝ ਕੇ ਕੋਰੋਨਾ ਦੇ ਪ੍ਰਕੋਪ ਤੋਂ ਬਚਾ ਲਈ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਇਹ ਮਹਿਸੂਸ ਕੀਤਾ ਕਿ ਕੋਰੋਨਾ ਕਰਕੇ ਸੰਗਤ ਜ਼ਰੂਰ ਘਟੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਰਕੇ ਉਨ੍ਹਾਂ ਵੱਲੋਂ ਦਰਸ਼ਨੀ ਡਿਉਢੀ ਕੋਲ ਸੰਗਤਾਂ ਦਾ ਜ਼ਿਆਦਾ ਇਕੱਠ ਨਾ ਹੋਣ, ਮੱਥਾ ਟੇਕਣ ਵੇਲੇ ਭੀੜ ਨਾ ਹੋਵੇ ਅਤੇ ਛੋਟੇ-ਛੋਟੇ ਗਰੁੱਪਾਂ ਵਿੱਚ ਮੱਥਾ ਟੇਕਾਇਆ ਜਾਵੇ, ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਤੋਂ ਹੀ ਹਰਿਮੰਦਰ ਸਾਹਿਬ ਵਿਖੇ ਅਨਾਉਂਸਮੈਂਟ ਹੋਵੇਗੀ ਕਿ ਜ਼ਿਆਦਾ ਇੱਕਠ ਨਾ ਕੀਤਾ ਜਾਵੇ, ਹੱਥਾਂ ਦੀ ਖਾਸ ਸਫ਼ਾਈ ਰੱਖੀ ਜਾਵੇ, ਆਪਸ ਵਿੱਚ ਹੱਥ ਮਿਲਾਉਣ ਦੀ ਥਾਂ 'ਤੇ ਫ਼ਤਿਹ ਬੁਲਾਈ ਜਾਵੇ। ਦਰਬਾਰ ਸਾਹਿਬ ਦੀਆਂ ਮੁੱਖ ਪ੍ਰਵੇਸ਼ ਦੁਆਰਾਂ ਉੱਤੇ ਸੈਨੀਟਾਈਜ਼ਰ ਦਾ ਪ੍ਰਬੰਧ ਹੋਵੇਗਾ। ਦੋ ਗੇਟਾਂ 'ਤੇ ਸੰਗਤਾਂ ਲਈ ਵੈਨਾਂ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੰਗਰ ਹਾਲ ਵਿੱਚ ਖ਼ਾਸ ਸਫ਼ਾਈ ਦਾ ਧਿਆਨ ਰੱਖਿਆ ਜਾਵੇਗਾ ਅਤੇ ਬਾਥਰੂਮ ਵਿੱਚੋਂ ਤੌਲੀਏ ਚੁੱਕ ਕੇ ਟਿਸ਼ੂ ਪੇਪਰ ਰੱਖ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਸਪੈਸ਼ਲ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ ਜੋ ਸਾਰੇ ਸਾਫ਼ ਸਫ਼ਾਈ ਦੇ ਪ੍ਰਬੰਧਾਂ 'ਤੇ ਨਿਗਾਹ ਰੱਖਣਗੇ।
ਦੂਜੇ ਪਾਸੇ ਕੇਂਦਰੀ ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਟਵਿੱਟਰ ਅਕਾਉਂਟ ਉੱਤੇ ਟਵੀਟ ਕਰ ਕੋਰੋਨਾ ਦੀ ਮਾਰ ਨੂੰ ਵੇਖਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਪਿਆਰਿਆਂ, ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਹੱਥ ਮਿਲਾਉਣ ਤੋਂ ਗੁਰੇਜ਼ ਕਰੋ, ਉਸ ਦੀ ਥਾਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜਾਂ ਨਮਸਤੇ ਨੂੰ ਤਰਜੀਹ ਦਿੱਤੀ ਜਾਵੇ।
ਇਹ ਵੀ ਪੜ੍ਹੋ: ਉਹ ਜੋ ਜਿਉਂਦੇ ਨੇ ਅਣਖ ਦੇ ਨਾਲ - ਭਾਗ 9