ਅੰਮ੍ਰਿਤਸਰ: ਐਸ.ਟੀ.ਐਫ. ਬਾਰਡਰ ਰੇਂਜ ਤੇ ਨਸ਼ਾ ਤਸਕਰਾਂ ਵਿਚਕਾਰ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ਵਿੱਚ ਐਸ.ਟੀ.ਐਫ. ਦਾ ਇੱਕ ਸਿਪਾਹੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਦ ਕਿ ਐਸ.ਟੀ.ਐਫ. ਦੀ ਟੀਮ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ ਹੈ। ਨਸ਼ਾ ਤਸਕਰ ਕੋਲੋਂ ਐਸ.ਟੀ.ਐਫ. ਦੀ ਟੀਮ ਨੇ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਕੀ ਹੋਇਆ ਸੀ ਘਟਨਾ ਵਾਲੀ ਥਾਂ 'ਤੇ?
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸ.ਟੀ.ਐਫ. ਬਾਰਡਰ ਰੇਂਜ ਦੇ ਆਈ.ਜੀ. ਆਰ.ਕੇ. ਜੈਸਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਕੁੱਝ ਨਸ਼ਾ ਤਸਕਰ ਭਾਰਤ ਪਾਕਿਸਤਾਨ ਦੀ ਸੀਮਾ ਦੇ ਨੇੜਲੇ ਇਲਾਕਿਆਂ ਵਿੱਚ ਨਸ਼ਾ ਤਸਕਰੀ ਦਾ ਕਾਰੋਬਾਰ ਕਰਦੇ ਹਨ ਜਿਸ ਤੋਂ ਬਾਅਦ ਪੁਲਿਸ ਨੇ ਲੋਪੋਕੇ ਰੋਡ ਤੇ ਪਿੰਡ ਖਿਆਲਾਂ ਨਜ਼ਦੀਕ ਨਾਕਾ ਲਗਾਇਆ ਸੀ। ਆਈ.ਜੀ. ਨੇ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਦੋ ਮੰਡੇ ਪਿੰਡ ਦੇ ਨਜ਼ਦੀਕ ਬਣੀ ਨਾਲੇ 'ਤੇ ਖੜੇ ਹਨ। ਇਸ ਜਾਣਕਾਰੀ ਤੋਂ ਬਾਅਦ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ ਕਰਨ ਲਗੀ।
ਆਈ.ਜੀ. ਨੇ ਦੱਸਿਆ ਕਿ ਜਦ ਐਸਟੀਐੱਫ ਦੀ ਟੀਮ ਦੋਸ਼ੀਆਂ ਨੂੰ ਕਾਬੂ ਕਰਨ ਲਈ ਅੱਗੇ ਵਧੀ ਤਾਂ ਉਨ੍ਹਾਂ ਵਿਚੋਂ ਕਰਨਬੀਰ ਸਿੰਘ ਨਾਂਅ ਦੇ ਇੱਕ ਦੋਸ਼ੀ ਨੇ ਸਿਪਾਹੀ ਗੁਰਸੇਵਕ ਸਿੰਘ 'ਤੇ ਗੋਲੀ ਚਲਾ ਦਿੱਤੀ। ਇਹ ਗੋਲੀ ਗੁਰਸੇਵਕ ਸਿੰਘ ਦੀ ਛਾਤੀ ਵਿੱਚ ਲੱਗੀ ਜਿਸ ਕਾਰਨ ਗੁਰਸੇਵਕ ਜ਼ਖ਼ਮੀ ਹੋ ਗਿਆ ਪਰ ਆਪਣੀ ਡਿਊਟੀ ਨੂੰ ਸਮਰਪਿਤ ਗੁਰਸੇਵਕ ਨੇ ਦੋ ਵਿੱਚੋਂ ਇੱਕ ਤਸਕਰ ਨੂੰ ਕਾਬੂ ਕਰ ਲਿਆ ਜਦ ਕਿ ਉਸ ਦਾ ਦੂਸਰਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ।
ਦੱਸਣਯੋਗ ਹੈ ਕਿ ਪੁਲਿਸ ਨੇ ਫੜੇ ਗਏ ਦੋਸ਼ੀ ਕਰਨਬੀਰ ਕੋਲੋਂ ਇੱਕ ਕਿਲੋ ਹੈਰੋਇਨ ਤੇ ਇੱਕ ਲਾਇਸੰਸੀ ਪਿਸਤੌਲ ਬਰਾਮਦ ਕੀਤਾ ਹੈ। ਉਥੇ ਹੀ ਪੁੱਛਗਿੱਛ ਵਿੱਚ ਫਰਾਰ ਹੋਏ ਦੋਸ਼ੀ ਦੀ ਪਹਿਚਾਣ ਸ਼ਮਸ਼ੇਰ ਸਿੰਘ ਵਜੋਂ ਹੋਈ ਹੈ ਤੇ ਇਨ੍ਹਾਂ ਦੋਹਾਂ ਦੋਸ਼ੀਆਂ ਦਾ ਸਬੰਧ ਪਾਕਿਸਤਾਨ ਦੇ ਨਾਮੀ ਸਮੱਗਲਰਾਂ ਨਾਲ ਦੱਸਿਆ ਜਾ ਰਿਹਾ ਹੈ। ਦੋਵੇਂ ਤਸਕਰ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਸਨ।