ਅੰਮ੍ਰਿਤਸਰ: ਹਿੰਦੂ ਧਰਮ ਵਿੱਚ ਨਵਰਾਤਰਿਆਂ ਦੇ ਤਿਉਹਾਰ ਦਾ ਬਹੁਤ ਮਹੱਤਵ ਹੈ। ਨਵਰਾਤਰੇ ਦਾ ਤਿਉਹਾਰ 9 ਦਿਨ ਚੱਲਦਾ ਹੈ ਜੋ ਕਿ 25 ਮਾਰਚ ਤੋਂ ਸ਼ੁਰੂ ਹੋ ਚੁੱਕਾ ਹੈ ਪਰ ਕੋਰੋਨਾ ਦੇ ਖ਼ੌਫ਼ ਕਰਕੇ ਸ਼ਰਧਾਲੂ ਘਰਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਈਟੀਵੀ ਭਾਰਤ ਵੱਲੋਂ ਜਦੋਂ ਅੰਮ੍ਰਿਤਸਰ ਵਿੱਚ ਸਥਿਤ ਦੁਰਗਿਆਣਾ ਸੀਤਲਾ ਮੰਦਰ ਵਿੱਚ ਜਾ ਕੇ ਦੇਖਿਆ ਤਾਂ ਸੁੰਨਸਾਨ ਪਸਰੀ ਹੋਈ ਸੀ, ਸਿਰਫ ਪੁਲਿਸ ਮੁਲਾਜ਼ਮ ਅਤੇ ਡਾਕਟਰੀ ਟੀਮਾਂ ਹੀ ਬੈਠੀਆਂ ਹੋਈਆਂ ਸਨ।
ਇਸ ਮੌਕੇ ਮੁਹੱਲਾ ਕਮੇਟੀ ਦੀ ਪ੍ਰਧਾਨ ਮਨਸਾ ਤਿਵਾਰੀ ਨੇ ਕਿਹਾ ਕਿ 25 ਮਾਰਚ ਤੋਂ ਨਵਰਾਤਰੇ ਸ਼ੁਰੂ ਹੋ ਚੁੱਕੇ ਹਨ ਤੇ ਲੋਕ ਨਾ-ਮਾਤਰ ਹੀ ਆ ਰਹੇ ਹਨ ਤੇ ਲੋਕਾਂ ਨੂੰ ਕਰਫਿਊ ਕਰਕੇ ਬਾਹਰ ਆਉਣ ਜਾਣ ਦੀ ਸਮੱਸਿਆ ਹੈ।
ਇਸ ਮੌਕੇ ਡਾਕਟਰੀ ਟੀਮ ਦੇ ਇੰਚਾਰਜ ਵਰਿੰਦਰ ਸਿੰਘ ਜਾਨੀਆਂ ਨੇ ਕਿਹਾ ਕਿ ਲੋਕ ਇਸ ਮਾਹੌਲ ਨੂੰ ਮਜ਼ਾਕ ਵਾਂਗ ਲੈ ਰਹੇ ਹਨ ਜੋ ਕਿ ਤ੍ਰਾਸਦੀ ਦੀ ਗੱਲ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਮਹਾਂਮਾਰੀ ਕੋਰੋਨਾ ਨੂੰ ਗੰਭੀਰ ਲਿਆ ਜਾਵੇ। ਜੇਕਰ ਭਾਰਤ ਵਿੱਚ ਇਸ ਦੀ ਦੂਜੀ ਸਟੇਜ ਆ ਗਈ ਤਾਂ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ।
ਇਹ ਵੀ ਪੜੋ: ਪੰਜਾਬੀਆਂ ਨੂੰ ਜ਼ਲੀਲ ਨਾ ਕਰੋ, ਉਨ੍ਹਾਂ ਕੋਲੋਂ ਸਹਿਯੋਗ ਮੰਗੋ: ਸੁਖਬੀਰ ਬਾਦਲ
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਨਵਰਾਤਰਿਆਂ ਦੇ ਤਿਉਹਾਰ ਕਰਕੇ ਮੰਦਰਾਂ ਵਿੱਚ ਸ਼ਾਮ ਸਵੇਰੇ ਕੀਰਤਨ ਚੱਲਦਾ ਹੈ ਤੇ ਸ਼ਰਧਾਲੂਆਂ ਦਾ ਇਕੱਠ ਰਹਿੰਦਾ ਹੈ।