ਅੰਮ੍ਰਿਤਸਰ: ਪਿੰਡ ਕਾਲੇ ਵਿੱਚ ਕਰਫ਼ਿਊ ਦੌਰਾਨ ਕਰਿਆਨੇ ਦੀ ਦੁਕਾਨ ਬੰਦ ਹੋਣ 'ਤੇ ਕੁਝ ਨੌਜਵਾਨ ਭੜਕ ਗਏ ਅਤੇ ਫਿਰ ਬਾਅਦ ਵਿਚ ਗੋਲੀ ਚਲਾ ਦਿੱਤੀ। ਇਸ ਫਾਇਰਿੰਗ ਵਿੱਚ ਗੁਰਦੀਪ ਸਿੰਘ ਨਾਮ ਦਾ ਇੱਕ ਨੌਜਵਾਨ ਜਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਕੇਸ ਦਰਜ ਕਰਨ ਤੋਂ ਬਾਅਦ ਤਿੰਨ ਨੌਜਵਾਨਾਂ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ
ਦਰਅਸਲ, ਮਨਦੀਪ ਕਰਿਆਨਾ ਸਟੋਰ ਤੇ ਕੁੱਝ ਨੌਜਵਾਨ ਸਮਾਨ ਲੈਣ ਪੁੱਜੇ ਸਨ। ਕਰਫਿਊ ਦੇ ਕਾਰਨ ਦੁਕਾਨ ਬੰਦ ਸੀ। ਉਸ ਸਮੇਂ ਮੁਲਜ਼ਮ ਲਵ ਅਤੇ ਉਸਦੇ ਦੋਸਤ ਨੇ ਦੁਕਾਨਦਾਰ ਦੇ ਘਰ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਜਦੋਂ ਦੁਕਾਨਦਾਰ ਦੀ ਪਤਨੀ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਔਰਤ ਅਤੇ ਉਸ ਦੇ ਪਤੀ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਮੌਕੇ ਤੋਂ ਫਰਾਰ ਹੋ ਗਏ।
ਉਸ ਤੋਂ ਬਾਅਦ ਉਹ ਨੌਜਵਾਨ ਫਿਰ ਪਿਸਤੌਲ ਲੈ ਕੇ ਘਟਨਾ ਸਥਾਨ 'ਤੇ ਪਹੁੰਚਿਆ ਅਤੇ ਗੁਰਦੀਪ ਨਾਮ ਦੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।
ਦੂਜੇ ਪਾਸੇ, ਪੁਲਿਸ ਅਧਿਕਾਰੀ ਰਾਜਵਿੰਦਰ ਕੌਰ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ ਵਿਚ ਤਿੰਨ ਨੌਜਵਾਨਾਂ 'ਤੇ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।