ਬਾਬਾ ਬਕਾਲਾ/ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਈ ਪਿੰਡ ਪਾਣੀ ਦੀ ਮਾਰ ਹੇਠ ਹਨ, ਜਿੱਥੇ ਕਈ ਸੌ ਏਕੜ ਫਸਲਾਂ ਅਤੇ ਘਰਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕਈ ਥਾਵਾਂ ਉਤੇ ਡਰੇਨ ਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਉਤੇ ਆ ਗਿਆ ਹੈ। ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਵੀ ਪ੍ਰਭਾਵਿਤ ਹੋ ਗਈਆਂ ਹਨ। ਲੋਕ ਬੇਘਰ ਹੋ ਗਏ ਹਨ। ਇਸੇ ਤਰ੍ਹਾਂ ਕਈ ਪਿੰਡਾਂ ਵਿੱਚ ਛੱਪੜਾਂ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਜਾ ਪੁੱਜਾ ਹੈ।
ਲੋਕਾਂ ਦਾ ਹੋਇਆ ਭਾਰੀ ਨੁਕਸਾਨ : ਕਸਬਾ ਬਿਆਸ ਨੇੜੇ ਵੀ ਪਿੰਡ ਬਾਬਾ ਸਾਵਨ ਸਿੰਘ ਨਗਰ ਵਿੱਚ ਬੀਤੀ ਰਾਤ ਡਰੇਨ ਵਿੱਚ ਪਾਣੀ ਆਉਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਡਰੇਨ ਵਿੱਚ ਪਾਣੀ ਆਉਣ ਨਾਲ ਕਰੀਬ 2 ਦਰਜਨ ਝੁੱਗੀਆਂ ਤੇ ਮਕਾਨ ਇਸ ਨਾਲ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਭਰਨ ਕਾਰਨ ਉਨ੍ਹਾਂ ਦਾ ਘਰੇਲੂ ਸਾਮਾਨ ਤਕਰੀਬਨ ਖ਼ਰਾਬ ਹੋ ਗਿਆ ਹੈ।
ਮਿਲੀ ਸੂਚਨਾ ਦੇ ਆਧਾਰ ਉਤੇ ਬੀਤੀ ਰਾਤ ਪਿੰਡ ਬਾਬਾ ਸਾਵਣ ਸਿੰਘ ਨਗਰ ਦੇ ਸਰਪੰਚ ਹਰਪ੍ਰੀਤ ਸਿੰਘ ਵਲੋਂ ਅਨਾਊਂਸਮੈਂਟ ਕਰਵਾ ਕੇ ਸੰਭਾਵੀ ਤੌਰ ਉਤੇ ਲੋਕਾਂ ਨੂੰ ਆਗਾਹ ਕੀਤਾ ਗਿਆ ਸੀ ਕਿ ਦੇਰ ਰਾਤ ਤੱਕ ਡਰੇਨ ਵਿੱਚ ਪਾਣੀ ਆ ਸਕਦਾ ਹੈ, ਜਿਸ ਤੋਂ ਬਾਅਦ ਨੀਵੇਂ ਇਲਾਕਿਆਂ ਵਿੱਚ ਰਹਿੰਦੇ ਕੁਝ ਲੋਕਾਂ ਵਲੋਂ ਆਪਣਾ ਸਾਮਾਨ ਕੱਢ ਕੇ ਉਹ ਉਪਰਲੇ ਸਥਾਨਾਂ ਉਤੇ ਚਲੇ ਗਏ ਸਨ। ਇਸ ਤੋਂ ਇਲਾਵਾ ਕਈ ਲੋਕ ਓਥੋਂ ਨਾ ਨਿਕਲ ਪਾਉਣ ਕਾਰਨ ਪ੍ਰੇਸ਼ਾਨ ਹੋਏ ਅਤੇ ਉਨ੍ਹਾਂ ਦੇ ਘਰੇਲੂ ਸਾਮਾਨ ਦਾ ਮਾਲੀ ਨੁਕਸਾਨ ਹੋਇਆ ਹੈ।
- ਵਿਜੀਲੈਂਸ ਦੀ ਇੱਕ ਹੋਰ ਵੱਡੀ ਕਾਰਵਾਈ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਗ੍ਰਿਫ਼ਤਾਰ
- ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰੀਖਿਆਵਾਂ ਮੁਲਤਵੀ, ਭਾਰੀ ਮੀਂਹ ਕਾਰਨ ਲਿਆ ਗਿਆ ਫੈਸਲਾ
- ਗੁਰਦਾਸਪੁਰ 'ਚ ਪੁਲਿਸ 'ਤੇ ਗੋਲੀ ਚਲਾ ਕੇ ਫ਼ਰਾਰ ਹੋਏ ਗੈਂਗਸਟਰ, ਦੋ ਪਿਸਤੌਲ ਤੇ ਇੱਕ ਕਾਰ ਹੋਈ ਬਰਾਮਦ
ਲੋਕਾਂ ਦਾ ਹਾਲ ਜਾਣਨ ਲਈ ਪਹੁੰਚੇ ਹਲਕਾ ਵਿਧਾਇਕ : ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ, ਐਸਡੀਐਮ ਬਾਬਾ ਬਕਾਲਾ ਸਾਹਿਬ ਅਲਕਾ ਕਾਲੀਆ, ਤਹਿਸੀਲਦਾਰ ਅਰਚਨਾ ਸ਼ਰਮਾ ਅਤੇ ਬੀਡੀਪੀਓ ਅਮਨਦੀਪ ਸਿੰਘ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਲੋਕਾਂ ਦਾ ਹਾਲ ਚਾਲ ਜਾਣਿਆ ਹੈ ਅਤੇ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜਾਣਕਾਰੀ ਮਿਲੀ ਹੈ ਕਿ ਹਰ ਸਾਲ ਇਸ ਡਰੇਨ ਵਿੱਚ ਪਾਣੀ ਆਉਣ ਨਾਲ ਲੋਕ ਪ੍ਰਭਾਵਿਤ ਹੁੰਦੇ ਹਨ, ਜਿਸ ਲਈ ਜਲਦੀ ਹੀ ਕੋਈ ਠੋਸ ਹੱਲ ਲੱਭ ਕੇ ਇਨ੍ਹਾਂ ਦੀ ਬਣਦੀ ਮਦਦ ਕਰਦਿਆਂ ਡਰੇਨ ਨੂੰ ਪੱਕਾ ਕਰਵਾ ਕੇ ਇਥੇ ਰਹਿ ਰਹੇ ਲੋਕਾਂ ਦੇ ਰਹਿਣ ਲਈ ਯੋਗ ਹੱਲ ਕੀਤਾ ਜਾਵੇਗਾ।
ਬੀਡੀਪੀਓ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਪ੍ਰਸ਼ਾਸਨ ਵਲੋਂ ਲੋਕਾਂ ਨਾਲ ਮਿਲ ਕੇ ਸਥਿਤੀ ਦਾ ਜਾਇਜਾ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਹਾਲਾਤ ਸਥਿਰ ਹੋਣ ਤੇ ਪੂਰਨ ਰਿਪੋਰਟ ਤਿਆਰ ਕੀਤੀ ਜਾਵੇਗੀ ਕਿ ਇਥੇ ਕਿੰਨੇ ਲੋਕ ਕਿੰਨੇ ਸਮੇਂ ਤੋਂ ਰਹਿ ਰਹੇ ਹਨ ਅਤੇ ਉਨ੍ਹਾਂ ਲਈ ਪ੍ਰਸ਼ਾਸਨ ਕਿ ਸੰਭਾਵੀ ਉਪਰਾਲਾ ਕਰ ਸਕਦਾ ਹੈ।