ਅੰਮ੍ਰਿਤਸਰ : ਅੱਜ ਅੰਮ੍ਰਿਤਸਰ ਵਿਖੇ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਕਾਂਗਰਸੀ ਵਰਕਰਾਂ ਵੱਲੋਂ ਅੰਮ੍ਰਿਤਸਰ ਖੇਤਰੀ ਪਾਸਪੋਰਟ ਦਫਤਰ ਦੇ ਬਾਹਰ ਧਰਨਾ ਲਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪਾਸਪੋਰਟ ਅਧਿਕਾਰੀਆਂ ਵੱਲੋ ਪਿੱਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਲੋਕਾਂ ਕੋਲੋਂ ਪੈਸੇ ਮੰਗੇ ਜਾ ਰਹੇ ਹਨ। ਜਿਹੜਾ ਵੀ ਅਧਿਕਾਰੀਆਂ ਦੇ ਇਸ ਵਤੀਰੇ ਦਾ ਵਿਰੋਧ ਕਰਦਾ ਹੈ ਤਾਂ ਉਸ ਨੂੰ ਪਿੱਛੇ ਧੱਕਿਆ ਜਾਂਦਾ ਹੈ। ਉਨ੍ਹਾਂ ਕਿਹਾ ਰੋਜ਼ਾਨਾ ਹੀ ਸਾਡੇ ਕੋਲ ਅੱਠ-ਦੱਸ ਸ਼ਿਕਾਇਤਾਂ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਗੂਰੂ ਨਗਰੀ ਵਿੱਚ ਲੋਕ ਆਪਣੇ ਕਸ਼ਟ ਘਟਾਉਣ ਆਂਦੇ ਹਨ ਪਰ ਇੱਥੋਂ ਦੇ ਅਫਸਰਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਠੇਕਾ ਲੈ ਲਿਆ ਹੋਇਆ ਹੈ।
ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ 8 ਜ਼ਿਲ੍ਹਿਆਂ ਦੇ ਲੋਕ ਇੱਥੇ ਪਾਸਪੋਰਟ ਬਣਾਉਣ ਲਈ ਆਉਂਦੇ ਹਨ ਤਹਾਨੂੰ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਰੱਖਿਆ ਗਿਆ ਨਾ ਕਿ ਲੋਕਾਂ ਨੂੰ ਮੁਸ਼ਕਿਲਾਂ ਵਿਚ ਪਾਉਣ ਲਈ। ਉਨ੍ਹਾਂ ਕਿਹਾ ਇਸਦੀ ਸ਼ਿਕਾਇਤ ਵਿਦੇਸ਼ ਮੰਤਰਾਲੇ ਨੂੰ ਵੀ ਕੀਤੀ ਜਾਵੇਗੀ। ਜੇਕਰ ਇਸਦਾ ਹੱਲ ਨਾ ਹੋਇਆ ਤਾਂ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Republic Day 2023: ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਕਿਉਂ ਹੈ ਖਾਸ, ਦੋਵਾਂ ਦਿਨਾਂ ਵਿੱਚ ਕੀ ਹੈ ਅੰਤਰ, ਪੜ੍ਹੋ ਖ਼ਾਸ ਰਿਪਰੋਟ
ਐੱਮਪੀ ਔਜਲਾ ਦਾ ਕਹਿਣਾ ਹੈ ਕਿ ਇਥੇ ਮੁਲਾਜ਼ਮਾਂ ਵੱਲੋਂ ਕਿਸੇ ਵੀ ਚੁਣੇ ਹੋਏ ਨੁਮਾਇੰਦਿਆਂ ਨਾਲ ਵੀ ਸਹੀ ਤਰੀਕੇ ਗੱਲ ਨਹੀਂ ਕੀਤੀ ਜਾਂਦੀ ਤੇ ਲੋਕਾਂ ਨੂੰ ਤੰਗ ਕੀਤਾ ਜਾਂਦਾ ਹੈ। ਲੋਕ ਇਥੋਂ ਦੇ ਮੁਲਾਜ਼ਮਾਂ ਕੋਲੋਂ ਦੁਖੀ ਹੋ ਕੇ ਬਾਹਰੋਂ ਵੱਡੀਆਂ ਰਕਮਾਂ ਦੇ ਕੇ ਬਾਹਰੋਂ ਕੰਮ ਕਰਵਾਉਂਦੇ ਹਨ। ਔਜਲਾ ਦਾ ਇਲਜ਼ਾਮ ਹੈ ਕਿ ਇਥੋਂ ਦੇ ਅਧਿਕਾਰੀ ਕਹਿੰਦੇ ਹਨ ਕਿ ਅਸੀਂ ਕਿਸੇ ਵੀ ਸਿਆਸੀ ਬੰਦੇ ਦੀ ਗੱਲ ਨਹੀਂ ਕਰਨੀ। ਮੁਲਾਜ਼ਮ ਆਪਣੇ ਬਾਹਰ ਛੱਡੇ ਹੋਏ ਕਰਿੰਦਿਆਂ ਕੋਲੋਂ ਪੈਸੇ ਲੈ ਕੇ ਕੰਮ ਕਰਦੇ ਹਨ ਪਰ ਕਾਨੂੰਨ ਦੇ ਤਹਿਤ ਕੰਮ ਕਰਨ ਨੂੰ ਇਥੋਂ ਦੇ ਮੁਲਾਜ਼ਮ ਰਾਜ਼ੀ ਨਹੀਂ ਹਨ। ਇਸ ਮੌਕੇ ਪਾਸਪੋਰਟ ਦਫਤਰ ਦੇ ਬਾਹਰ ਡਟੇ ਕਾਂਗਰਸੀਆਂ ਵੱਲੋਂ ਕੇਂਦਰ ਸਰਕਾਰ ਤੇ ਪਾਸਪੋਰਟ ਦਫਤਰ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।