ਅੰਮ੍ਰਿਤਸਰ: ਜਿੱਥੇ ਇਕ ਪਾਸੇ ਇਸ ਹਫ਼ਤੇ ਅੰਦਰ ਸਾਰਾ ਦੇਸ਼ ਕੰਜਕ ਪੂਜਨ ਕਰ ਰਿਹਾ ਸੀ, ਉੱਥੇ ਹੀ ਇੱਕ ਵਿਆਹੀ ਲੜਕੀ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਲੜਕੀ ਦਾ ਨਾਮ ਸ਼ੀਤਲ ਹੈ। ਉਥੇ ਹੀ ਮ੍ਰਿਤਕ ਸ਼ੀਤਲ ਦੇ ਪਰਿਵਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਲੜਕੀ ਦੇ ਵਿਆਹ ਨੂੰ ਦੋ ਸਾਲ ਹੋ ਚੱਲੇ ਸਨ। ਉਸ ਦਾ ਇਕ ਬੱਚਾ ਵੀ ਹੈ।
ਮ੍ਰਿਤਕ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਨੂੰ ਸਹੁਰਿਆਂ ਵੱਲੋਂ ਆਏ ਦਿਨ ਦਾਜ ਨੂੰ ਲੈ ਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਨਵੀ ਤੋਂ ਨਵੀ ਡਿਮਾਂਡ ਕੀਤੀ ਜਾਂਦੀ ਸੀ ਜਿਸ ਦੇ ਚੱਲਦੇ ਉਨ੍ਹਾਂ ਦੀ ਲੜਕੀ ਨੇ ਦੁਖੀ ਹੋ ਕੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਲੜਕੀ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਲੜਕੀ ਨੂੰ ਮਾਰਿਆ ਗਿਆ ਹੈ।
ਮ੍ਰਿਤਕ ਲੜਕੀ ਦੀ ਮਾਂ ਰਜਨੀ ਬਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੀ ਲੜਕੀ ਸ਼ੀਤਲ ਦਾ ਵਿਆਹ ਦੋ ਸਾਲ ਪਹਿਲਾਂ ਹਰੀਪੁਰਾ ਇਲਾਕੇ ਵਿਚ ਰਹਿਣ ਵਾਲੇ ਸ਼ੰਮੀ ਨਾਂ ਦੇ ਲੜਕੇ ਨਾਲ ਕੀਤਾ ਸੀ ਤੇ ਵਿਆਹ ਤੋਂ ਬਾਅਦ ਰੋਜ਼ ਉਸ ਨਾਲ ਦਾਜ ਨੂੰ ਲੈ ਕੇ ਕੁੱਟਮਾਰ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਈ ਵਾਰ ਰਿਸ਼ਤੇਦਾਰਾਂ ਵਿੱਚ ਬੈਠ ਕੇ ਰਾਜ਼ੀਨਾਮਾ ਕਰਵਾਇਆ, ਪਰ ਲੜਕੀ ਨੂੰ ਇੰਨਾ ਤੰਗ ਪ੍ਰੇਸ਼ਾਨ ਕੀਤਾ ਗਿਆ ਜਿਸ ਦੇ ਚਲਦੇ ਲੜਕੀ ਦਾ ਕਤਲ ਕੀਤਾ ਗਿਆ ਹੈ। ਉਸ ਨੂੰ ਲੜਕੀ ਨੂੰ ਦੇਖਣ ਲਈ ਵੀ ਨਹੀਂ ਦਿੱਤਾ ਗਿਆ। ਉੱਥੇ ਹੀ ਲੜਕੀ ਦੇ ਪਰਿਵਾਰ ਵੱਲੋਂ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।
ਥਾਣਾ ਗੇਟ ਹਕੀਮਾਂ ਦੀ ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਹਰੀਪੁਰਾ ਇਲਾਕੇ ਵਿਚ ਸ਼ੀਤਲ ਨਾਂ ਦੀ ਲੜਕੀ ਵਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ ਹੈ। ਉਸ ਦੇ ਪਤੀ ਦਾ ਸ਼ੰਮੀ ਕੁਮਾਰ ਹੈ ਜਿਸ ਨੂੰ ਅਸੀਂ ਗ੍ਰਿਫ਼ਤਾਰ ਕਰ ਲਿਆ ਹੈ ਤੇ ਸੱਤ ਲੋਕਾਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ। ਬਾਕੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਸੋਲਰ ਲਾਈਟ ਘੁਟਾਲਾ ਮਾਮਲਾ: ਕੈਪਟਨ ਸੰਦੀਪ ਸੰਧੂ 'ਤੇ ਕਾਰਵਾਈ ਕਰਨ ਦੀ ਤਿਆਰੀ 'ਚ ਵਿਜੀਲੈਂਸ