ਅੰਮ੍ਰਿਤਸਰ: ਮਾਣਯੋਗ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਤੇ ਲੋਕਾਂ ਦੇ ਸਮੇਂ ਤੇ ਪੈਸੇ ਦੀ ਬੱਚਤ ਲਈ ਵਿਸ਼ੇਸ਼ ਉਪਰਾਲਾ ਕਰਦਿਆਂ ਅੰਮ੍ਰਿਤਸਰ ਜ਼ਿਲ੍ਹੇ ਅਤੇ ਤਹਿਸੀਲ ਪੱਧਰ ’ਤੇ ਨੈਸ਼ਨਲ ਲੋਕ ਅਦਾਲਤਾਂ ਲਗਾਈਆਂ ਗਈਆਂ। ਜ਼ਿਲ੍ਹਾ ਕਚਹਿਰੀ ਅੰਮ੍ਰਿਤਸਰ ਤੋਂ ਇਲਾਵਾ ਤਹਿਸੀਲ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਨੈਸ਼ਨਲ ਲੋਕ ਅਦਾਲਤ (National Lok Adalat) ਦਾ ਆਯੋਜਨ ਕੀਤਾ ਗਿਆ।
ਵੱਧ ਤੋਂ ਵੱਧ ਮਸਲਿਆਂ ਦਾ ਨਿਪਟਾਰਾ ਕੀਤਾ
ਇੰਨ੍ਹਾਂ ਲਗਾਈਆਂ ਗਈਆਂ ਲੋਕ ਅਦਾਲਤਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੇ ਮਸਲਿਆਂ ਦਾ ਨਿਪਟਾਰਾ ਕੀਤਾ ਗਿਆ। ਇਸ ਨੈਸ਼ਨਲ ਲੋਕ ਅਦਾਲਤ ਵਿੱਚ ਚੈੱਕ, ਬੈਂਕਾਂ, ਜਮੀਨੀ ਵਿਵਾਦਾਂ, ਘਰੇਲੂ ਝਗੜਿਆਂ ਅਤੇ ਹੋਰ ਤਕਰੀਬਨ ਸਾਰੇ ਕਿਸਮਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਲਗਾਈ ਗਈ ਨੈਸ਼ਨਲ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ ਲਈ ਜ਼ਿਲ੍ਹਾ ਕਚਹਿਰੀਆਂ, ਅੰਮ੍ਰਿਤਸਰ ਅਤੇ ਤਹਿਸੀਲਾਂ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿੱਚ ਕੁੱਲ 33 ਬੈਂਚ ਬਣਾਏ ਗਏ ਸਨ।
ਨਿਪਟਾਰੇ ਲਈ ਰੱਖੇ ਸਨ 20,419 ਕੇਸ
ਇੰਨ੍ਹਾਂ ਬੈਂਚਾਂ ਵਿੱਚੋਂ 26 ਬੈਂਚ ਅੰਮ੍ਰਿਤਸਰ ਅਦਾਲਤ, ਇੱਕ ਬੈਂਚ ਸਥਾਈ ਲੋਕ ਅਦਾਲਤ ਅਤੇ ਚਾਰ ਬੈਂਚ ਅਜਨਾਲਾ ਅਤੇ ਦੋ ਬੈਂਚ ਬਾਬਾ ਬਕਾਲਾ ਸਾਹਿਬ ਤਹਿਸੀਲਾਂ ਵਿੱਚ ਲਗਾਏ ਗਏ। ਜਾਣਕਾਰੀ ਅਨੁਸਾਰ ਇਸ ਨੈਸ਼ਨਲ ਲੋਕ ਅਦਾਲਤ ਦੇ ਸਾਰੇ ਬੈਂਚਾਂ ਵੱਲੋਂ ਕੁੱਲ 20,419 ਕੇਸ ਸੁਣਵਾਈ ਵਾਸਤੇ ਰੱਖੇੇ ਗਏ ਸਨ, ਜਿੰਨ੍ਹਾਂ ਵਿੱਚੋਂ 6,643 ਕੇਸਾਂ ਦਾ ਆਪਸੀ ਰਾਜੀਨਾਮੇ ਨਾਲ ਨਿਪਟਾਰਾ ਕੀਤਾ ਗਿਆ।
ਲੋਕ ਅਦਾਲਤ ਦੇ ਮਹੱਤਵ ਬਾਰੇ ਕਰਵਾਇਆ ਜਾਣੂ
ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਅੰਮ੍ਰਿਤਸਰ ਵੱਲੋਂ ਲੋਕਾਂ ਨੂੰ ਲੋਕ ਅਦਾਲਤ ਦੇ ਮਹੱਤਵ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਗਿਆ ਕਿ ਲੋਕ ਅਦਾਲਤ ਵਿੱਚ ਦੋਵਾਂ ਧਿਰਾਂ ਦਾ ਰਾਜੀਨਾਮੇ ਤਹਿਤ ਫੈਸਲਾ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਲੋਕ ਅਦਾਲਤਾਂ ਰਾਹੀਂ ਸਸਤਾ ਤੇ ਛੇਤੀ ਇਨਸਾਫ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਮਹੱਤਵਪੂਰਨ ਹੈ ਕਿ ਲੋਕ ਅਦਾਲਤਾਂ ਦੇ ਫੈਸਲੇ ਦੀ ਕੋਈ ਅਪੀਲ ਨਹੀਂ ਹੁੰਦੀ ਅਤੇ ਆਪਸੀ ਰਾਜੀਨਾਮੇ ਦੇ ਇਸ ਫੈਸਲੇ ਨਾਲ ਦੋਹਾਂ ਧਿਰਾਂ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਵੱਧਦਾ ਹੈ।
ਇਹ ਵੀ ਪੜ੍ਹੋ: ਗਰਮ ਖਿਆਲੀਆਂ ਨੇ ਘੇਰਿਆ ਗੁਰਸਿਮਰਨ ਸਿੰਘ ਮੰਡ, ਵੀਡੀਓ ਵਾਇਰਲ