ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਮਾਨਹਾਨੀ ਦੇ ਮਾਮਲੇ ਵਿੱਚ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ੀ ਹੋਈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੰਜੇ ਸਿੰਘ ਦੇ ਖਿਲਾਫ ਪਟੀਸ਼ਨ ਪਾਈ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਸਾਲ 2017 ’ਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਬਿਕਰਮ ਮਜੀਠੀਆ ਉੱਤੇ ਨਸ਼ਾ ਤਸਕਰੀ ਦਾ ਇਲਜ਼ਾਮ ਲਗਾਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸੰਜੇ ਸਿੰਘ ਦੇ ਖਿਲਾਫ ਪਟੀਸ਼ਨ ਪਾਈ ਗਈ ਸੀ।
ਪੇਸ਼ੀ ਦੌਰਾਨ ਆਏ ਸੰਜੇ ਸਿੰਘ ਨੇ ਕਿਹਾ ਕਿ ਮਾਨਯੋਗ ਕੋਰਟ ਵੱਲੋਂ ਉਨ੍ਹਾਂ ਨੂੰ ਬੁਲਾਇਆ ਗਿਆ ਸੀ ਅਤੇ ਉਹ ਕੋਰਟ ਵਿੱਚ ਪੇਸ਼ ਹੋਏ ਹਨ ਪਰ ਬਿਕਰਮ ਸਿੰਘ ਮਜੀਠੀਆ ਅੱਜ ਕੋਰਟ ਵਿਚ ਪੇਸ਼ ਨਹੀਂ ਹੋ ਪਾਏ। ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਕੋਰਟ ਦਾ ਸਨਮਾਨ ਕਰਦੇ ਹਾਂ ਜਦੋਂ ਵੀ ਕੋਰਟ ਉਨ੍ਹਾਂ ਨੂੰ ਸੱਦੇਗੀ ਉਹ ਜ਼ਰੂਰ ਆਪਣੀ ਹਾਜ਼ਰੀ ਲਵਾਉਣ ਲਈ ਆਉਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਜੋ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਨੋਟਾਂ ਉੱਤੇ ਲਕਸ਼ਮੀ ਮਾਤਾ ਅਤੇ ਗਨੇਸ਼ ਜੀ ਦੀ ਤਸਵੀਰ ਲਾਉਣ ਦੀ ਗੱਲ ਕਹੀ ਗਈ ਹੈ ਉਸਦੀ ਲਈ ਉਨ੍ਹਾਂ ਵੱਲੋਂ ਅੱਜ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਵੀ ਲਿਖਿਆ ਗਿਆ ਹੈ ਅਤੇ ਇਸ ਪੱਤਰ ਵਿਚ ਸਾਫ ਲਿਖਿਆ ਗਿਆ ਹੈ ਕਿ ਇਕ ਪਾਸੇ ਮਹਾਤਮਾ ਗਾਂਧੀ ਜੀ ਦੀ ਤਸਵੀਰ ਲਗਾਈ ਜਾਵੇ। ਦੂਜੇ ਪਾਸੇ ਲਕਸ਼ਮੀ ਮਾਤਾ ਅਤੇ ਗਣੇਸ਼ ਦੀ ਤਸਵੀਰ ਹੋਣੀ ਚਾਹੀਦੀ ਹੈ।
ਉਥੇ ਦੂਜੇ ਪਾਸੇ ਸੰਜੇ ਸਿੰਘ ਦੇ ਵਕੀਲ ਪਰਮਿੰਦਰ ਸਿੰਘ ਸੇਠੀ ਨੇ ਦੱਸਿਆ ਕਿ ਕੁਝ ਬਿਮਾਰੀ ਦਾ ਹਵਾਲਾ ਦੇਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਅੱਜ ਕੋਰਟ ਵਿਚ ਪੇਸ਼ ਨਹੀਂ ਹੋਏ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਲਗਾਤਾਰ ਹੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਅਤੇ ਸਾਨੂੰ ਕੋਰਟ ਤੇ ਭਰੋਸਾ ਹੈ ਕਿ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ। ਅਸੀਂ ਆਪਣੇ ਤਰਕ ਜ਼ਰੂਰ ਕੋਰਟ ਅੱਗੇ ਪੇਸ਼ ਕਰਾਂਗੇ ਅਤੇ ਸਾਨੂੰ ਆਸ ਹੈ ਕਿ ਕੋਰਟ ਸਾਨੂੰ ਜ਼ਰੂਰ ਇਨਸਾਫ ਦੇਵੇਗੀ।
ਇਹ ਵੀ ਪੜੋ: ਸਰਹੱਦੀ ਇਲਾਕੇ ਵਿੱਚੋਂ ਮਿਲੀ ਹਥਿਆਰਾਂ ਦੀ ਵੱਡੀ ਖੇਪ, BSF ਨੇ ਸਰਚ ਦੌਰਾਨ ਮਾਰੂ ਹਥਿਆਰ ਕੀਤੇ ਬਰਾਮਦ