ਅੰਮ੍ਰਿਤਸਰ: ਦਿਨ ਬੁੱਧਵਾਰ ਸ਼ਾਮ ਮਾਲ ਮੰਡੀ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਉੱਤੇ ਜਾ ਰਹੀ ਇੱਕ ਔਰਤ ਨੂੰ ਦਰੜ ਦਿੱਤਾ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦ ਕਿ ਇਸ ਹਾਦਸੇ ਤੋਂ ਬਾਅਦ ਟਰੱਕ ਡਰਾਇਵਰ ਮੌਕੇ ਉੱਤੋਂ ਫ਼ਰਾਰ ਹੋ ਗਿਆ।
ਮ੍ਰਿਤਕ ਦੇ ਰਿਸ਼ਤੇਦਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੀ ਸਾਲੀ ਕੁਲਦੀਪ ਕੌਰ, ਜਿਸ ਦੀ ਉਮਰ 40 ਸਾਲ ਸੀ, ਉਹ ਐਕਟਿਵਾ ਸਕੂਟਰ ਉੱਤੇ ਸਵਾਰ ਹੋ ਕੇ ਬਜ਼ਾਰ ਖ਼ਰੀਦਦਾਰੀ ਕਰਨ ਲਈ ਜਾ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਅੰਮ੍ਰਿਤਸਰ ਦੇ ਪ੍ਰਤਾਪ ਨਗਰ ਦੀ ਰਹਿਣ ਵਾਲੀ ਸੀ ਅਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹੈ।
ਇਸ ਹਾਦਸੇ ਦੀ ਖ਼ਬਰ ਮਿਲਦੇ ਸਾਰ ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਕਿਸੇ ਐਕਟਿਵਾ ਸਵਾਰ ਔਰਤ ਜੋ ਕਿ ਪ੍ਰਤਾਪ ਨਗਰ ਦੀ ਵਾਸੀ ਸੀ। ਉਸ ਦੀ ਟਰੱਕ ਹੇਠਾਂ ਆਉਣ ਨਾਲ 100 ਫੁੱਟੀ ਰੋਡ ਦੇ ਸਾਹਮਣੇ ਮੌਤ ਹੋ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਟਰੱਕ ਵਾਲਾ ਟਰੱਕ ਬੈਕ ਕਰ ਰਿਹਾ ਸੀ ਤੇ ਕੁਲਦੀਪ ਕੌਰ ਦੀ ਹੇਠਾਂ ਆਉਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਟਰੱਕ ਵਾਲਾ ਫ਼ਰਾਰ ਹੈ, ਉਸ ਦੀ ਭਾਲ ਜਾਰੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਇਤਲਾਹ ਕਰ ਦਿੱਤੀ ਗਈ ਹੈ ਅਤੇ ਲਾਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਹੈ।