ਟੋਕਿਓ : ਭਾਰਤੀ ਮਹਿਲਾ ਹਾਕੀ ਟੀਮ ਨੇ ਮੰਗਲਵਾਰ ਨੂੰ ਓਲੰਪਿਕ ਟੈਸਟ ਇਵੈਂਟ ਵਿੱਚ ਆਪਣੇ ਆਖ਼ਰੀ ਗਰੁੱਪ ਦੇ ਮੁਕਾਬਲੇ ਵਿੱਚ ਚੀਨ ਨਾਲ ਗੋਲ ਤੋਂ ਬਿਨਾਂ ਡਰਾਅ ਖੇਡਿਆ, ਜਿਸ ਨਾਲ ਭਾਰਤੀ ਟੀਮ ਨੇ ਫ਼ਾਇਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਭਾਰਤੀ ਮਹਿਲਾਵਾਂ ਨੇ 3 ਮੈਚਾਂ ਵਿੱਚੋਂ 5 ਅੰਕ ਹਾਸਲ ਕਰਦੇ ਹੋਏ ਆਪਣੇ ਗਰੁੱਪ ਵਿੱਚ ਚੋਟੀ ਉੱਤੇ ਰਹਿੰਦੇ ਹੋਏ ਲੀਗ ਸੈਸ਼ਨ ਦਾ ਅੰਤ ਕੀਤਾ ਅਤੇ ਇਸੇ ਲਿਹਾਜ਼ ਨਾਲ ਉਹ ਫ਼ਾਇਨਲ ਵਿੱਚ ਜਾਣ ਵਿੱਚ ਸਫ਼ਲ ਰਹੀ।
ਭਾਰਤ ਦੀ ਇਸ ਜਿੱਤ ਦਾ ਹੀਰੋ ਸਵਿਤਾ ਰਹੀ, ਜਿਸ ਨੇ ਸ਼ਾਨਦਾਰ ਬਚਾਅ ਕਰਦੇ ਹੋਏ ਚੀਨ ਨੂੰ ਗੋਲ ਨਹੀਂ ਕਰਨ ਦਿੱਤਾ। ਓਈ ਹਾਕੀ ਸਟੇਡਿਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤੀ ਮਹਿਲਾਵਾਂ ਪਹਿਲੇ ਕੁਆਰਟਰ ਵਿੱਚ ਵਧੀਆ ਲੈਅ ਵਿੱਚ ਸੀ। ਉਨ੍ਹਾਂ ਨੇ ਲਗਾਤਾਰ ਚੀਨ ਦੇ ਡਿਫੈਂਸ ਉੱਤੇ ਦਬਾਅ ਬਣਾਈ ਰੱਖਿਆ।
8ਵੇਂ ਮਿੰਟ ਵਿੱਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਗੁਰਜੀਤ ਕੌਰ ਨੇ ਗੋਲ ਵਿੱਚ ਤਬਦੀਲ ਨਹੀਂ ਕਰ ਸਕੀ। ਚੀਨ ਨੇ ਵੀ ਸ਼ੁਰੂਆਤ ਕੀਤੀ ਪਰ ਉਸ ਦੇ ਹਿੱਸੇ ਗੋਲ ਨਹੀਂ ਆਇਆ। ਦੂਸਰੇ ਕੁਆਰਟਰ ਵਿੱਚ ਆਉਣ ਤੋਂ 2 ਮਿੰਟਾਂ ਬਾਅਦ ਹੀ ਭਾਰਤ ਨੂੰ ਦੂਸਰਾ ਪੈਨਲਟੀ ਕਾਰਨਰ ਮਿਲਿਆ ਅਤੇ ਗੁਰਜੀਤ ਇਸ ਵੀ ਅਸਫ਼ਲ ਰਹੀ। ਦੂਸਰੇ ਕੁਆਰਟਰ ਵਿੱਚ ਦੋਵੇਂ ਟੀਮਾਂ ਵਿਚਕਾਰ ਮੁਕਾਬਲਾ ਵਧੀਆ ਰਿਹਾ ਪਰ ਗੇਂਦ ਨੂੰ ਨੈੱਟ ਵਿੱਚ ਪਾਉਣ ਵਿੱਚ ਦੋਵੇਂ ਟੀਮਾਂ ਦੇ ਖਿਡਾਰੀ ਅਸਫ਼ਲ ਰਹੇ।
ਇਹ ਵੀ ਪੜ੍ਹੋ : BCCI ਨੇ ਸ਼੍ਰੀਸੰਤ 'ਤੇ ਲੱਗੀ ਰੋਕ ਦੀ ਮਿਆਦ ਘਟਾਈ, ਅਗਲੇ ਸਾਲ ਕਰ ਸਕਦੇ ਹਨ ਵਾਪਸੀ
ਚੀਨ ਨੇ ਫ਼ਾਇਨਲ ਵਿੱਚ ਜਾਣ ਲਈ ਕਿਸੇ ਵੀ ਤਰ੍ਹਾਂ ਨਾਲ ਜਿੱਤ ਚਾਹੀਦੀ ਸੀ, ਪਰ ਉਹ ਵਾਸਤੇ ਪੂਰੀ ਕੋਸ਼ਿਸ਼ ਕਰ ਰਹੀ ਸੀ। 41ਵੇਂ ਮਿੰਟ ਵਿੱਚ ਉਸ ਨੂੰ ਪੈਨਲਟੀ ਕਾਰਨਰ ਨਾਲ ਗੋਲ ਦਾ ਮੌਕਾ ਮਿਲਿਆ ਜਿਸ ਨੂੰ ਭਾਰਤੀ ਗੋਲਕੀਪਰ ਸਵਿਤਾ ਨੇ ਪੂਰਾ ਨਹੀਂ ਹੋਣ ਦਿੱਤਾ। 47ਵੇਂ ਮਿੰਟ ਵਿੱਚ ਵੀ ਸਵਿਤਾ ਨੇ ਚੀਨ ਨੂੰ ਮਿਲੇ ਪੈਨਲਟੀ ਕਾਰਨਰ ਨਾਲ ਵੀ ਗੋਲ ਨਹੀਂ ਕਰਨ ਦਿੱਤਾ।
ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਵੀ ਮੈਚ ਦੇ ਅੰਤ ਤੱਕ ਦੋਵੇਂ ਟੀਮਾਂ ਗੋਲ ਤੋਂ ਬਿਨਾਂ ਰਹੀਆਂ ਅਤੇ ਮੈਚ ਗੋਲ ਤੋਂ ਬਿਨਾਂ ਹੀ ਡਰਾਅ ਹੋ ਗਿਆ।