ਚੰਡੀਗੜ੍ਹ: ਹਾਕੀ ਦੇ ਹੀਰੋ ਸਰਦਾਰ ਸਿੰਘ ਜਿਨ੍ਹਾਂ ਨੂੰ ਸਰਦਾਰਾ ਸਿੰਘ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਸਰਦਾਰ ਸਿੰਘ ਨੇ ਆਪਣੇ ਹੁਰਨ ਦਾ ਸਿੱਕਾ ਪੂਰੀ ਦੁਨੀਆ ਚ ਚਲਾਇਆ।
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਦਾ ਜਨਮ 15 ਜੁਲਾਈ 1986 ਨੂੰ ਰਾਣੀਆ, ਹਰਿਆਣਾ ਵਿੱਚ ਹੋਇਆ ਸੀ। ਦੱਸ ਦਈਏ ਕਿ ਹਾਕੀ ਹਮੇਸ਼ਾ ਸਰਦਾਰ ਸਿੰਘ ਦੇ ਪਰਿਵਾਰ ਦਾ ਹਿੱਸਾ ਰਹੀ ਹੈ। ਸਰਦਾਰ ਸਿੰਘ ਦੇ ਵੱਡੇ ਭਰਾ ਦੀਦਾਰ ਸਿੰਘ ਵੀ ਭਾਰਤ ਦੇ ਲਈ ਖੇਡ ਚੁੱਕੇ ਸੀ। ਸਰਦਾਰ ਸਿੰਘ ਨੇ ਆਪਣੇ ਭਰਾ ਤੋਂ ਹੀ ਹਾਕੀ ਖੇਡਣਾ ਸਿੱਖਿਆ ਸੀ।
ਦੱਸ ਦਈਏ ਕਿ ਸਾਲ 2008 ਜਦੋਂ ਉਹ 22 ਸਾਲ ਦੇ ਸੀ ਤਾਂ ਉਨ੍ਹਾਂ ਨੂੰ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਲਈ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਸਰਦਾਰ ਸਿੰਘ ਦਾ ਇਹ ਸਮਾਂ ਉਨ੍ਹਾਂ ਦੇ ਕਰੀਅਰ ਲਈ ਬਹੁਤ ਵਧੀਆ ਰਿਹਾ।
ਸਰਦਾਰ ਸਿੰਘ ਨੇ ਦੇਸ਼ ਲਈ 350 ਮੈਚ ਖੇਡੇ। ਉਹ ਸਾਲ 2008 ਤੋਂ ਲੈ ਕੇ 2016 ਤੱਕ ਭਾਰਤੀ ਹਾਕੀ ਟੀਮ ਦੇ ਕਪਤਾਨ ਵੀ ਰਹੇ। ਉਨ੍ਹਾਂ ਨੂੰ ਪਦਮ ਸ਼੍ਰੀ, ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਅਤੇ ਅਰਜੁਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜੋ: ਸਾਨੀਆ ਮਿਰਜ਼ਾ ਦੇ ਡਾਂਸ ਦੇ ਦਿਵਾਨੇ ਹੋਏ ਲੋਕ, ਦੇਖੋ ਵੀਡੀਓ
ਸਰਦਾਰ ਸਿੰਘ ਨੇ ਸਾਲ 2018 ਚ ਅੰਤਰਰਾਸ਼ਟਰੀ ਹਾਕੀ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ ਆਪਣੇ ਸੰਨਿਆਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਰਿਟਾਇਰ ਹੋਣ ਦਾ ਫੈਸਲਾ ਲਿਆ ਹੈ , ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨਵੀਂ ਪੀੜ੍ਹੀ ਨੂੰ ਇਹ ਮੌਕਾ ਦਿੱਤਾ ਜਾਵੇ।