ਹੈਦਰਾਬਾਦ: IPL 2022 ਦੇ 21ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਗੁਜਰਾਤ ਟਾਈਟਨਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਕੇਨ ਵਿਲੀਅਮਸਨ ਨੇ 46 ਗੇਂਦਾਂ ਵਿੱਚ ਦੋ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 57 ਦੌੜਾਂ ਬਣਾਈਆਂ ਅਤੇ ਹੈਦਰਾਬਾਦ ਨੇ 19.1 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ’ਤੇ 168 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਦੱਸ ਦੇਈਏ ਕਿ ਹੈਦਰਾਬਾਦ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਗੁਜਰਾਤ ਟਾਈਟਨਜ਼ ਦੀ ਟੀਮ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 162 ਦੌੜਾਂ ਬਣਾਈਆਂ। ਕੇਨ ਨੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨਾਲ ਪਹਿਲੀ ਵਿਕਟ ਲਈ 64 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਅਭਿਸ਼ੇਕ ਨੇ 32 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ 42 ਦੌੜਾਂ ਬਣਾਈਆਂ। ਜਦਕਿ ਰਾਹੁਲ ਤ੍ਰਿਪਾਠੀ 17 ਦੌੜਾਂ ਬਣਾ ਕੇ ਰਿਟਾਇਰ ਹਰਟ ਹੋ ਗਏ।
ਨਿਕੋਲਸ ਪੂਰਨ ਨੇ 18 ਗੇਂਦਾਂ 'ਤੇ ਦੋ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ ਅਜੇਤੂ 34 ਦੌੜਾਂ ਬਣਾਈਆਂ। ਉਸ ਨੇ 20ਵੇਂ ਓਵਰ ਦੀ ਪਹਿਲੀ ਗੇਂਦ 'ਤੇ ਛੱਕਾ ਜੜ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਮਾਰਕਰਮ 12 ਦੌੜਾਂ ਬਣਾ ਕੇ ਨਾਬਾਦ ਰਹੇ। ਗੁਜਰਾਤ ਲਈ ਹਾਰਦਿਕ ਪੰਡਯਾ ਅਤੇ ਰਾਸ਼ਿਦ ਖਾਨ ਨੇ ਇੱਕ-ਇੱਕ ਵਿਕਟ ਲਈ।
ਪੁਆਇੰਟ ਟੇਬਲ ਵਿੱਚ ਵੱਡਾ ਫੇਰਬਦਲ : ਹੈਦਰਾਬਾਦ ਦੀ ਜਿੱਤ ਤੋਂ ਬਾਅਦ ਪੁਆਇੰਟ ਟੇਬਲ 'ਚ ਵੱਡਾ ਬਦਲਾਅ ਆਇਆ ਹੈ। ਗੁਜਰਾਤ ਟਾਈਟਨਸ ਦੀ ਟੀਮ ਟੂਰਨਾਮੈਂਟ 'ਚ ਪਹਿਲਾ ਮੈਚ ਹਾਰ ਕੇ ਤੀਜੇ ਨੰਬਰ ਤੋਂ ਪੰਜਵੇਂ ਨੰਬਰ 'ਤੇ ਖਿਸਕ ਗਈ ਹੈ। ਜਦਕਿ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਰਾਜਸਥਾਨ ਰਾਇਲਜ਼ ਦੀ ਟੀਮ ਪਹਿਲੇ ਨੰਬਰ 'ਤੇ, ਕੇਕਬਰ ਦੂਜੇ ਨੰਬਰ 'ਤੇ ਅਤੇ ਲਖਨਊ ਸੁਪਰ ਜਾਇੰਟਸ ਦੀ ਟੀਮ ਚੌਥੇ ਨੰਬਰ 'ਤੇ ਪਹੁੰਚ ਗਈ ਹੈ। ਹਾਲਾਂਕਿ ਜਿੱਤ ਦੇ ਬਾਵਜੂਦ ਹੈਦਰਾਬਾਦ ਨੂੰ ਅੰਕ ਸੂਚੀ 'ਚ ਜ਼ਿਆਦਾ ਫਾਇਦਾ ਨਹੀਂ ਹੋਇਆ। ਹੁਣ ਵੀ ਹੈਦਰਾਬਾਦ 7ਵੇਂ ਨੰਬਰ 'ਤੇ ਬਣਿਆ ਹੋਇਆ ਹੈ। ਵਿਲੀਅਮਸਨ ਦੀ ਟੀਮ ਦੇ ਸਿਰਫ 4 ਅੰਕ ਹਨ।
ਇਹ ਵੀ ਪੜ੍ਹੋ: IPL 2022: ਦੀਪਕ ਚਾਹਰ ਪਿੱਠ ਦੀ ਸੱਟ ਕਾਰਨ IPL ਤੋਂ ਬਾਹਰ