ਨਵੀਂ ਦਿੱਲੀ: ਭਾਰਤੀ ਮਹਿਲਾ ਇੱਕ ਰੋਜ਼ਾ ਟੀਮ ਦੀ ਕਪਤਾਨ ਮਿਤਾਲੀ ਰਾਜ ਸਮੇਤ ਹੋਰ ਮਹਿਲਾ ਕ੍ਰਿਕਟਰਾਂ ਨੇ ਐਤਵਾਰ ਨੂੰ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਇਸ ਐਲਾਨ ਦਾ ਸਵਾਗਤ ਕੀਤਾ ਕਿ ਯੂ.ਏ.ਈ. ਵਿੱਚ ਪੁਰਸ਼ ਆਈ.ਪੀ.ਐਲ. ਦੌਰਾਨ ਮਹਿਲਾ ਆਈ.ਪੀ.ਐਲ. ਵੀ ਕਰਵਾਇਆ ਜਾਵੇਗਾ।
ਮਾਰਚ ਵਿੱਚ ਵਿਸ਼ਵ ਟੀ-20 ਦੇ ਫਾਈਨਲ ਤੋਂ ਬਾਅਦ ਮਹਿਲਾ ਕ੍ਰਿਕਟ ਟੀਮ ਨੇ ਕੋਈ ਮੈਚ ਨਹੀਂ ਖੇਡਿਆ। ਇਸ ਐਲਾਨ ਦੀ ਪੁਸ਼ਟੀ ਹੁੰਦੇ ਹੀ ਮਹਿਲਾ ਕ੍ਰਿਕਟ ਟੀਮ ਵੱਲੋਂ ਪ੍ਰਤੀਕਿਰਿਆਵਾਂ ਸ਼ੁਰੂ ਹੋ ਗਈਆਂ, ਜਿਸ ਵਿੱਚ ਸਾਰੇ ਕ੍ਰਿਕਟਰ ਬਹੁਤ ਖ਼ੁਸ਼ ਨਜ਼ਰ ਆਏ। ਟੀਮ ਦੀ ਸੀਨੀਅਰ ਸਪਿੰਨ ਗੇਂਦਬਾਜ ਪੂਨਮ ਯਾਦਵ ਨੇ ਲਿਖਿਆ, 'ਚੰਗੀ ਖ਼ਬਰ। ਧੰਨਵਾਦ ਸੌਰਵ ਗਾਂਗੁਲੀ ਅਤੇ ਬੀ.ਸੀ.ਸੀ.ਆਈ.।
ਜਦੋਂ ਆਈ.ਪੀ.ਐਲ. ਦੀਆਂ ਤਿਆਰੀਆਂ ਜ਼ੋਰਾਂ 'ਤੇ ਸਨ, ਉਦੋਂ ਮਹਿਲਾ ਕ੍ਰਿਕਟ ਟੀਮ ਦਾ ਇੰਗਲੈਂਡ ਦੌਰਾ ਰੱਦ ਕਰਨ ਲਈ ਬੀ.ਸੀ.ਸੀ.ਆਈ. ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰੇ ਦੇ ਰੱਦ ਹੋਣ ਪਿੱਛੋਂ ਕਿਸੇ ਨੂੰ ਨਹੀਂ ਪਤਾ ਸੀ ਕਿ ਮਹਿਲਾ ਕ੍ਰਿਕਟ ਟੀਮ ਹੁਣ ਕਦੋਂ ਮੈਦਾਨ 'ਤੇ ਮੁੜੇਗੀ, ਪਰ ਸੌਰਵ ਗਾਂਗੁਲੀ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਆਈ.ਪੀ.ਐਲ. ਦੌਰਾਨ ਹੁਣ ਮਹਿਲਾ ਆਈ.ਪੀ.ਐਲ. ਵੀ ਕਰਵਾਇਆ ਜਾਵੇਗਾ।
ਬੀ.ਸੀ.ਸੀ.ਆਈ. ਦਾ ਮਹਿਲਾ ਆਈ.ਪੀ.ਐਲ. ਬਾਰੇ ਬਿਆਨ ਭਾਰਤ ਵਿੱਚ ਕੋਰੋਨਾ ਵਾਈਰਸ ਦੇ ਵੱਧਦੇ ਮਾਮਲਿਆਂ ਨੂੰ ਵੇਖਦਿਆਂ ਪੁਰਸ਼ ਆਈ.ਪੀ.ਐਲ. 19 ਸਤੰਬਰ ਤੋਂ 10 ਨਵੰਬਰ ਦੌਰਾ ਯੂ.ਏ.ਈ. ਵਿਖੇ ਕਰਵਾਇਆ ਜਾ ਰਿਹਾ ਹੈ।
ਬੀ.ਸੀ.ਸੀ.ਆਈ. ਮੁਖੀ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਮਹਿਲਾ ਆਈ.ਪੀ.ਐਲ. ਨੂੰ ਵੀ ਆਈ.ਪੀ.ਐਲ. ਦੇ ਪ੍ਰੋਗਰਾਮ ਵਿੱਚ ਥਾਂ ਦਿੱਤੀ ਜਾਵੇਗੀ। ਐਤਵਾਰ ਨੂੰ ਆਈ.ਪੀ.ਐਲ. ਪ੍ਰਬੰਧਨ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਗਾਂਗੁਲੀ ਨੇ ਕਿਹਾ, 'ਮੈਂ ਇਸਦੀ ਪੁਸ਼ਟੀ ਕਰ ਸਕਦਾ ਹਾਂ ਕਿ ਮਹਿਲਾ ਆਈ.ਪੀ.ਐਲ. ਦੀ ਪੂਰੀ ਯੋਜਨਾ ਹੈ ਅਤੇ ਕੌਮੀ ਟੀਮ ਦੇ ਲਈ ਵੀ ਸਾਡੇ ਕੋਲ ਯੋਜਨਾ ਹੈ।'
ਦੱਸ ਦਈਏ ਕਿ ਇਸਤੋਂ ਪਹਿਲਾਂ ਕੁੱਝ ਸਾਲਾਂ ਵਿੱਚ ਆਈ.ਪੀ.ਐਲ. ਸੀਜਨ ਦੌਰਾਨ ਮਹਿਲਾ ਆਈ.ਪੀ.ਐਲ. ਨਹੀਂ ਕਰਵਾਇਆ ਜਾ ਰਿਹਾ ਸੀ, ਉੱਥੇ ਇਸ ਸਾਲ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਮਹਿਲਾ ਆਈ.ਪੀ.ਐਲ. ਦੀ ਕੋਈ ਸੰਭਾਵਨਾ ਨਹੀਂ ਵਿਖਾਈ ਦੇ ਰਹੀ ਸੀ, ਪਰ ਬੀ.ਸੀ.ਸੀ.ਆਈ. ਵੱਲੋਂ ਇਸ ਐਲਾਨ ਪਿੱਛੋਂ ਸਾਰੇ ਫੈਨਜ਼ ਨੇ ਚੈਨ ਦਾ ਸਾਹ ਲਿਆ। ਹੁਣ ਛੇਤੀ ਹੀ ਬੀ.ਸੀ.ਸੀ.ਆਈ ਇਸਦਾ ਪੂਰਾ ਪ੍ਰੋਗਰਾਮ ਵੀ ਐਲਾਨ ਕਰ ਦੇਵੇਗੀ।