ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਨੂੰ ਵੇਖਦਿਆਂ ਕੋਲਕਾਤਾ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 18 ਮਾਰਚ ਨੂੰ ਹੋਣ ਵਾਲੇ ਤੀਜੇ ਇਕ ਰੋਜ਼ਾ ਮੈਚ ਲਈ ਟਿਕਟਾਂ ਦੀ ਵਿਕਰੀ ਰੋਕ ਦਿੱਤੀ ਗਈ ਹੈ।
ਦੱਖਣੀ ਅਫਰੀਕਾ ਦੀ ਟੀਮ ਇਸ ਸਮੇਂ ਤਿੰਨ ਰੋਜ਼ਾ ਮੈਚਾਂ ਦੀ ਲੜੀ ਖੇਡਣ ਲਈ ਭਾਰਤ ਦੇ ਦੌਰੇ 'ਤੇ ਹੈ। ਲੜੀ ਤਹਿਤ ਧਰਮਸ਼ਾਲਾ ਵਿੱਚ ਖੇਡਿਆ ਗਿਆ ਪਹਿਲਾ ਇੱਕ ਰੋਜ਼ਾ ਮੈਚ ਮੀਂਹ ਕਾਰਨ ਰੱਦ ਹੋ ਗਿਆ।
ਧਰਮਸ਼ਾਲਾ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਮੈਚ ਵਿੱਚ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਲੜੀ ਦੇ ਅਗਲੇ ਦੋ ਮੈਚ 15 ਮਾਰਚ ਨੂੰ ਲਖਨਊ ਅਤੇ 18 ਮਾਰਚ ਨੂੰ ਕੋਲਕਾਤਾ ਵਿੱਚ ਖੇਡੇ ਜਾਣੇ ਹਨ।
ਦੇਸ਼ ਵਿਚ ਕੋਰੋਨਾ ਵਾਇਰਸ ਦੇ ਡਰ ਕਾਰਨ ਕ੍ਰਿਕੇਟ ਕੰਟਰੋਲ ਬੋਰਡ ਆਫ ਇੰਡੀਆ (ਬੀ.ਸੀ.ਸੀ.ਆਈ.) ਲੜੀ ਦੇ ਬਾਕੀ ਦੋ ਮੈਚ ਖਾਲੀ ਸਟੇਡੀਅਮ ਵਿਚ ਕਰਵਾਉਣ ਬਾਰੇ ਵਿਚਾਰ ਕਰ ਰਿਹਾ ਹੈ।
ਕੋਲਕਾਤਾ ਦੇ ਈਡਨ ਗਾਰਡਨ ਵਿਖੇ 18 ਮਾਰਚ ਨੂੰ ਹੋਣ ਵਾਲੇ ਮੈਚ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਸੀ, ਕੁਝ ਟਿਕਟਾਂ ਆਨਲਾਈਨ ਵੀ ਵੇਚੀਆਂ ਜਾ ਚੁੱਕੀਆਂ ਹਨ ਪਰ ਟਿਕਟਾਂ ਦੀ ਵਿਕਰੀ ਅੱਜ ਤੋਂ ਰੋਕ ਦਿੱਤੀ ਗਈ ਹੈ। ਕ੍ਰਿਕੇਟ ਐਸੋਸੀਏਸ਼ਨ ਆਫ ਬੰਗਾਲ (ਕੈਬ) ਦੇ ਪ੍ਰਧਾਨ ਅਵਿਸ਼ੇਕ ਡਾਲਮੀਆ ਨੇ ਸੂਬੇ ਦੇ ਮੁੱਖ ਸਕੱਤਰ ਨਾਲ ਬੈਠਕ ਵੀ ਕੀਤੀ।