ਲੰਡਨ: ਕੋਰੋਨਾ ਵਾਇਰਸ ਦੇ ਕਾਰਨ ਪਾਕਿਸਤਾਨ ਕ੍ਰਿਕਟ ਟੀਮ ਇੰਗਲੈਂਡ ਦੌਰੇ ਉੱਤੇ ਜਾਣ ਦੇ ਲਈ ਤਿਆਰ ਹੋ ਗਈ ਹੈ। ਮੀਡਿਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਅਤੇ ਇੰਗਲੈਂਡ ਕ੍ਰਿਕਟ ਬੋਰਡ (ਈਸੀਬੀ) ਦੇ ਵਿਚਕਾਰ ਸ਼ੁੱਕਰਵਾਰ ਨੂੰ ਗੱਲਬਾਤ ਹੋਈ ਅਤੇ ਉਹ ਤਿੰਨ ਟੈਸਟ ਮੈਚਾਂ ਅਤੇ 3 ਟੀ-20 ਮੈਚਾਂ ਦੀ ਲੜੀ ਦੇ ਲਈ ਤਿਆਰ ਹਨ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਟੀਮ ਚਾਰਟਡ ਜਹਾਜ਼ ਰਾਹੀਂ ਇੰਗਲੈਂਡ ਜਾਵੇਗੀ, ਜਿਸ ਦਾ ਇੰਤਜ਼ਾਮ ਈਸੀਬੀ ਕਰੇਗਾ।
ਇੰਗਲੈਂਡ ਦੀ ਮੀਡਿਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੀ 25 ਮੈਂਬਰੀ ਟੀਮ ਇੰਗਲੈਂਡ ਜਾਵੇਗੀ। ਇਸ ਵਿੱਚ ਟੈਸਟ ਅਤੇ ਟੀ-20 ਦੋਵਾਂ ਦੇ ਖਿਡਾਰੀ ਹੋਣਗੇ। ਦੋਵੇਂ ਟੀਮਾਂ ਵਿਚਕਾਰ ਪਹਿਲਾ ਟੈਸਟ 5 ਅਗਸਤ ਨੂੰ ਖੇਡਿਆ ਜਾਵੇਗਾ ਅਤੇ ਪਾਕਿਸਤਾਨ ਟੀਮ ਟੈਸਟ ਮੈਚ ਤੋਂ 14 ਦਿਨ ਪਹਿਲਾਂ ਇੰਗਲੈਂਡ ਪਹੁੰਚੇਗੀ।
ਦੱਸਿਆ ਜਾ ਰਿਹਾ ਹੈ ਕਿ ਦੌਰੇ ਦੇ ਸਾਰੇ ਮੈਚ ਸਾਉਥੈਂਪਟਨ ਅਤੇ ਮੈਨਚੈਸਟਰ ਵਿੱਚ ਹੀ ਖੇਡੇ ਜਾਣਗੇ। ਦਰਅਸਲ, ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਇੰਨ੍ਹਾਂ ਦੋਵੇਂ ਮੈਦਾਨਾਂ ਵਿੱਚ ਹੀ ਹੋਟਲ ਹਨ, ਜਿਸ ਨਾਲ ਖਿਡਾਰੀਆਂ ਦੇ ਲਈ ਸੌਖਾ ਰਹੇਗਾ ਅਤੇ ਉਹ ਸੁਰੱਖਿਅਤ ਰਹਿਣਗੇ।
ਮੀਡਿਆ ਦੇ ਮੁਤਾਬਕ ਸਾਰੇ ਖਿਡਾਰੀ 14 ਦਿਨਾਂ ਤੱਕ ਕੁਆਰਨਟੀਨ ਰਹਿਣਗੇ ਅਤੇ ਖਿਡਾਰੀ ਆਪਸ ਵਿੱਚ ਹੀ ਵਾਰਮਅੱਪ ਮੈਚ ਖੇਡਣਗੇ। ਖਿਡਾਰੀਆਂ ਦਾ ਲਗਾਤਾਰ ਪ੍ਰੀਖਣ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਜਾਵੇਗਾ। ਜੇ ਸਭ ਕੁੱਝ ਠੀਕ ਰਿਹਾ ਤਾਂ ਕੋਰੋਨਾ ਵਾਇਰਸ ਤੋਂ ਬਾਅਦ ਪਹਿਲੀ ਵਾਰ ਦਰਸ਼ਕਾਂ ਨੂੰ ਕ੍ਰਿਕਟ ਦੇਖਣ ਦਾ ਮੌਕਾ ਮਿਲ ਸਕਦਾ ਹੈ।
ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਬ੍ਰਿਟੇਨ ਵਿੱਚ 34,000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਫ਼ਿਰ ਵੀ ਜੇ ਪਾਕਿਸਤਾਨ ਟੀਮ ਉੱਥੇ ਜਾਂਦੀ ਹੈ ਤਾਂ ਇਹ ਬਹੁਤ ਸਾਹਸ ਵਾਲਾ ਕਦਮ ਹੋਵੇਗਾ। ਗੌਰਤਲਬ ਹੈ ਕਿ ਇੰਗਲੈਂਡ ਕ੍ਰਿਕਟ ਟੀਮ ਸੋਮਵਾਰ ਤੋਂ ਅਭਿਆਸ ਸ਼ੁਰੂ ਕਰੇਗੀ। ਉਨ੍ਹਾਂ ਦੀ ਪ੍ਰੈਕਟਿਸ ਦੇ ਵੀ ਅਲੱਗ ਨਿਯਮ ਹਨ।
ਮੀਡਿਆ ਮੁਤਾਬਕ ਇੰਗਲੈਂਡ ਦੇ ਸਾਰੇ ਕ੍ਰਿਕਟਰ ਆਪਣੇ-ਆਪਣੇ ਕਾਉਂਟੀ ਮੈਦਾਨਾਂ ਉੱਤੇ ਪ੍ਰੈਕਟਿਸ ਕਰਨਗੇ। ਪਹਿਲਾਂ ਗੇਂਦਬਾਜ਼ ਅਭਿਆਸ ਕਰਨਗੇ ਅਤੇ ਉਸ ਦੇ 15 ਦਿਨਾਂ ਬਾਅਦ ਬੱਲੇਬਾਜ਼ਾਂ ਨੂੰ ਅਭਿਆਸ ਕਰਨ ਦਾ ਮੌਕਾ ਮਿਲੇਗਾ।