ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਭਾਰਤ ਦੇ ਟੋਕੀਓ ਓਲੰਪਿਕ ਤਗ਼ਮਾ ਜੇਤੂਆਂ ਨੂੰ ਨਕਦ ਇਨਾਮ ਦੇਣ ਲਈ 4 ਕਰੋੜ ਰੁਪਏ ਖ਼ਰਚ ਕੀਤੇ। ਇਕ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ।
ਆਪਣੀ ਹਾਲੀਆ ਸਿਖਰ ਕੌਂਸਲ ਦੀ ਮੀਟਿੰਗ ਦੌਰਾਨ, ਭਾਰਤੀ ਕ੍ਰਿਕਟ ਬੋਰਡ ਨੇ ਆਪਣੇ ਮੈਂਬਰਾਂ ਨੂੰ ਕ੍ਰਿਕਟ ਤੋਂ ਇਲਾਵਾ ਹੋਰ ਚੀਜ਼ਾਂ 'ਤੇ ਖ਼ਰਚੇ ਦਾ ਖੁਲਾਸਾ ਕੀਤਾ। ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੀਸੀਸੀਆਈ ਦਸਤਾਵੇਜ਼ ਦੇ ਅਨੁਸਾਰ, ਬੋਰਡ ਨੇ ਟੋਕੀਓ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਦੇਸ਼ ਦੇ ਐਥਲੀਟਾਂ ਦੀ ਸਹਾਇਤਾ ਲਈ ਭਾਰਤੀ ਓਲੰਪਿਕ ਸੰਘ ਨੂੰ 10 ਕਰੋੜ ਰੁਪਏ ਦਾਨ ਕੀਤੇ ਹਨ।
ਇਸ ਤੋਂ ਪਹਿਲਾਂ, ਮਾਰਚ ਦੇ ਅਖੀਰ ਵਿੱਚ, ਭਾਰਤੀ ਕ੍ਰਿਕਟ ਬੋਰਡ ਨੇ ਆਈਪੀਐਲ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਓਲੰਪਿਕ ਚੈਂਪੀਅਨ ਨੀਰਜ ਚੋਪੜਾ, ਕਾਂਸੀ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ ਅਤੇ ਕਾਂਸੀ ਤਮਗਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਸੀ।
ਜੈਵਲਿਨ ਥ੍ਰੋਅਰ ਚੋਪੜਾ ਨੂੰ ਇੱਕ ਕਰੋੜ ਰੁਪਏ ਦਿੱਤੇ ਗਏ, ਜਦਕਿ ਹਾਕੀ ਟੀਮ ਨੂੰ ਕੁੱਲ 1.25 ਕਰੋੜ ਰੁਪਏ ਦਿੱਤੇ ਗਏ। ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਇਨ੍ਹਾਂ ਤੋਂ ਇਲਾਵਾ ਦੋ ਚਾਂਦੀ ਤਗ਼ਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਅਤੇ ਪਹਿਲਵਾਨ ਰਵੀ ਦਹੀਆ ਨੂੰ ਵੀ 50-50 ਲੱਖ ਰੁਪਏ ਦੇ ਇਨਾਮ ਦਿੱਤੇ ਗਏ। ਬੋਰਗੋਹੇਨ ਸਮੇਤ ਹੋਰ ਕਾਂਸੀ ਤਗ਼ਮਾ ਜੇਤੂਆਂ - ਸ਼ਟਲਰ ਪੀਵੀ ਸਿੰਧੂ ਅਤੇ ਪਹਿਲਵਾਨ ਬਜਰੰਗ ਪੂਨੀਆ ਨੂੰ 25-25 ਲੱਖ ਰੁਪਏ ਦਿੱਤੇ ਗਏ।
ਬੀਸੀਸੀਆਈ ਨੇ ਓਲੰਪਿਕ ਭਾਗੀਦਾਰਾਂ ਲਈ ਪ੍ਰਧਾਨ ਮੰਤਰੀ ਕੇਅਰ ਯਾਦਗਾਰੀ ਚਿੰਨ੍ਹ 'ਤੇ 5 ਕਰੋੜ ਰੁਪਏ ਖਰਚ ਕੀਤੇ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਬੀਸੀਸੀਆਈ ਨੇ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਕੰਸੈਂਟਰੇਟਰ ਖ਼ਰੀਦਣ ਲਈ ਪਿਛਲੇ ਸਾਲ 3.8 ਕਰੋੜ ਰੁਪਏ ਦਾਨ ਕੀਤੇ ਸਨ।
ਇਹ ਵੀ ਪੜ੍ਹੋ: World Athletics Championship: ਇਕ ਵਾਰ ਫਿਰ ਰੱਚਿਆ ਇਤਿਹਾਸ, ਨੀਰਜ ਚੋਪੜਾ ਨੇ ਜਿੱਤਿਆ ਚਾਂਦੀ ਦਾ ਤਗ਼ਮਾ