ਚੰਡੀਗੜ੍ਹ : 15 ਨਵੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਝੱਲੇ' 'ਚ ਅਹਿਮ ਕਿਰਦਾਰ ਅਦਾ ਕਰਨ ਵਾਲੇ ਬਨਿੰਦਰ ਬਨੀ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ 'ਚ ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਫ਼ਿਲਮੀ ਸਫ਼ਰ ਬਾਰੇ ਦੱਸਿਆ।
ਬਨਿੰਦਰ ਨੇ ਕਿਹਾ ਕਿ ਉਹ ਅਦਾਕਾਰੀ ਵਿੱਚ ਆਉਣ ਤੋਂ ਪਹਿਲਾਂ ਨਾਨ-ਮੈਡੀਕਲ ਦੀ ਪੜ੍ਹਾਈ ਕਰ ਰਹੇ ਸਨ। ਇੱਕ ਦਿਨ ਉਨ੍ਹਾਂ ਨੇ ਆਪਣੇ ਫ਼ੁਰਸਤ ਦੇ ਪਲਾਂ ਵਿੱਚ ਕੁੱਝ ਨਾਟਕ ਵੇਖੇ। ਇੰਨ੍ਹਾਂ ਨਾਟਕਾਂ ਨੂੰ ਵੇਖ ਕੇ ਬਨਿੰਦਰ ਨੂੰ ਅਦਾਕਾਰੀ ਕਰਨ ਦੀ ਪ੍ਰੇਰਣਾ ਮਿਲੀ।
ਫ਼ਿਲਮ ਨਿੱਕਾ ਜ਼ੈਲਦਾਰ ਵਿੱਚ ਅਹਿਮ ਕਿਰਦਾਰ ਅਦਾ ਕਰਨ ਵਾਲੇ ਬਨਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਯੂਥ-ਫੈਸਟੀਵਲ ਤੋਂ ਕੀਤੀ। ਰੰਗਮੰਚ ਤੋਂ ਬਨਿੰਦਰ ਨੇ ਬਹੁਤ ਕੁੱਝ ਸਿੱਖਿਆ ਜਿਸ ਦੇ ਸਦਕਾ ਉਨ੍ਹਾਂ ਨੂੰ ਯੂਥ ਫੈਸਟੀਵਲ ਵਿੱਚ ਅਦਾ ਕਰਨ ਕਾਰਨ ਸਰਵ-ਉੱਤਮ ਅਦਾਕਾਰ ਦਾ ਖ਼ਿਤਾਬ ਵੀ ਮਿਲਿਆ।
ਬਨਿੰਦਰ ਨੂੰ ਇੰਨ੍ਹਾਂ ਉਪਲੱਬਧੀਆਂ ਕਾਰਨ ਹੌਂਸਲਾ ਮਿਲਿਆ, ਇਸ ਲਈ ਉਨ੍ਹਾਂ ਨੇ ਮੁੰਬਈ ਜਾ ਕੇ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ। ਬਨਿੰਦਰ ਨੇ ਇੰਟਰਵਿਊ ਵੇਲੇ ਕਿਹਾ ਕਿ ਉਨ੍ਹਾਂ ਨੇ ਕਦੀ ਨਹੀਂ ਸੀ ਸੋਚਿਆ ਕਿ ਉਹ ਪੰਜਾਬੀ ਫ਼ਿਲਮ ਇੰਡਸਟਰੀ ਦਾ ਹਿੱਸਾ ਬਣਨਗੇ।
ਦੱਸ ਦਈਏ ਕਿ ਬਨਿੰਦਰ ਐਮੀ ਵਿਰਕ, ਹਰੀਸ਼ ਵਰਮਾ, ਗਿੱਪੀ ਗਰੇਵਾਲ ਅਤੇ ਦਿਲਜੀਤ ਦੋਸਾਂਝ ਦੇ ਨਾਲ ਵੱਖ-ਵੱਖ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕਿਹੜਾ ਅਦਾਕਾਰ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਤਾਂ ਉਨ੍ਹਾਂ ਕਿਹਾ ਸਾਰੇ ਹੀ ਅਦਾਕਾਰ ਬਹੁਤ ਵਧੀਆ ਹਨ।
ਜ਼ਿਕਰਯੋਗ ਹੈ ਕਿ ਛੇਤੀ ਹੀ ਬਨਿੰਦਰ ਫ਼ਿਲਮ ਟੈਲੀਵੀਜ਼ਨ, ਛੱਲੇ ਮੁੰਦੀਆਂ 'ਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।