ਮੋਹਾਲੀ: ਪੰਜਾਬੀ ਗਾਇਕ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੂੰ ਮੋਹਾਲੀ ਪੁਲਿਸ ਵੱਲੋਂ ਹੁੱਲੜਬਾਜ਼ੀ ਕਰਨ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਐਸਡੀਐਮ ਜਗਦੀਪ ਸਹਿਗਲ ਦੀ ਅਦਾਲਤ ਨੇ ਦੋਹਾਂ ਗਾਇਕਾਂ ਨੂੰ ਇੱਕ ਦਿਨ ਲਈ ਰੋਪੜ ਜੇਲ ਭੇਜ ਦਿੱਤਾ ਹੈ।
ਕੀ ਹੈ ਮਾਮਲਾ?
ਬੀਤੇ ਦਿਨੀ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਨੇ 88 ਸੈਕਟਰ ਦੀ ਕਾਲੋਨੀ ਵਿੱਚ ਹੁੱਲੜਬਾਜ਼ੀ ਕੀਤੀ ਅਤੇ ਚੌਂਕੀਦਾਰ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਦੋਹਾਂ ਦਾ ਵਤੀਰਾ ਵੇਖ ਕੇ ਕਾਲੋਨੀ ਵਾਲਿਆਂ ਨੇ ਸ਼ਿਕਾਇਤ ਦਰਜ ਕਰਵਾਈ। ਇਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਮੋਹਾਲੀ ਪੁਲਿਸ ਵੱਲੋਂ ਦੋਹਾਂ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਰੰਮੀ ਨੇ ਕਿਹਾ ਕੀਤਾ ਜਾ ਰਿਹਾ ਹੈ ਉਨ੍ਹਾਂ ਨੂੰ ਟਾਰਗੇਟ
ਗਾਇਕ ਰੰਮੀ ਰੰਧਾਵਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਆਪਣੀ ਪੈਰਵਾਈ ਕਰਦੇ ਹੋਏ ਰੰਮੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਅਤੇ ਪ੍ਰਿੰਸ ਰੰਧਾਵਾ 'ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਰੰਮੀ ਦੇ ਭਰਾ ਪ੍ਰਿੰਸ ਨੇ ਕਿਹਾ ਕਿ ਉਨ੍ਹਾਂ 'ਤੇ ਹੋਈ ਕਾਰਵਾਈ ਸਬੂਤ ਹੈ ਕਿ ਸੱਚ ਦੀ ਕੋਈ ਔਕਾਤ ਨਹੀਂ ਹੈ।
ਇਹ ਵਿਵਾਦ ਬਣਾਇਆ ਗਿਆ ਹੈ:ਕੁਲਦੀਪ ਰੰਧਾਵਾ
ਇਸ ਮੁੱਦੇ 'ਤੇ ਰੰਧਾਵਾ ਭਰਾਵਾਂ ਦੇ ਵਕੀਲ ਫ਼ੇਰੀ ਸੋਫ਼ਤ ਨੇ ਕਿਹਾ ਕਿ ਦੋਹਾਂ ਨੂੰ ਇੱਕ ਦਿਨ ਲਈ ਰੋਪੜ ਜੇਲ ਭੇਜ ਦਿੱਤਾ ਗਿਆ ਹੈ। 23 ਜਨਵਰੀ ਨੂੰ ਦੋਵੇਂ ਗਾਇਕ ਜੇਲ ਵਿੱਚੋਂ ਬਾਹਰ ਆ ਜਾਣਗੇ। ਗਾਇਕ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਦੇ ਚਾਚੇ ਕੁਲਦੀਪ ਰੰਧਾਵਾ ਨੇ ਕਿਹਾ ਕਿ ਕੋਈ ਵੱਡੀ ਗੱਲ ਨਹੀਂ ਸੀ। ਇਹ ਵਿਵਾਦ ਜਾਣ ਬੁੱਝ ਕੇ ਗਾਇਕਾਂ ਨੂੰ ਨੀਵਾਂ ਦਿਖਾਉਣ ਲਈ ਬਣਾਇਆ ਗਿਆ ਹੈ।
ਵਿਵਾਦਾਂ ਨਾਲ ਰੰਧਾਵਾ ਭਰਾਵਾਂ ਦਾ ਖ਼ਾਸ ਸਬੰਧ
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਰੰਧਾਵਾ ਭਰਾ ਕਿਸੇ ਵਿਵਾਦ 'ਚ ਘਿਰੇ ਹੋਣ। ਪਿੱਛਲੇ ਸਾਲ ਉਨ੍ਹਾਂ ਦੀ ਗਾਇਕ ਐਲੀ ਮਾਂਗਟ ਨਾਲ ਸੋਸ਼ਲ ਮੀਡੀਆ 'ਤੇ ਲੜਾਈ ਚਰਚਾ ਦਾ ਵਿਸ਼ਾ ਰਹੀ ਸੀ।
ਰੰਧਾਵਾ ਭਰਾਵਾਂ ਨੇ ਐਲੀ ਮਾਂਗਟ ਦੇ ਗੀਤਾਂ 'ਤੇ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਦੋਹਾਂ ਦਾ ਸੋਸ਼ਲ ਮੀਡੀਆ 'ਤੇ ਦੂਸ਼ਣਬਾਜੀ ਦਾ ਸਿਲਸੀਲਾ ਸ਼ੁਰੂ ਹੋ ਗਿਆ ਸੀ।