ਹੈਦਰਾਬਾਦ: 200 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਠੱਗ ਸੁਕੇਸ਼ ਚੰਦਰਸ਼ੇਖਰ ਬਾਰੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੱਡਾ ਖੁਲਾਸਾ ਕੀਤਾ ਹੈ।
ਮੀਡੀਆ ਮੁਤਾਬਕ ਈਡੀ ਦੀ ਚਾਰਜਸ਼ੀਟ ਮੁਤਾਬਕ ਸੁਕੇਸ਼ ਨੂੰ ਨਾ ਸਿਰਫ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਅਤੇ ਨੋਰਾ ਫਤੇਹੀ ਨੂੰ ਨਿਸ਼ਾਨਾ ਬਣਾਇਆ ਸੀ ਸਗੋਂ ਸਾਰਾ ਅਲੀ ਖਾਨ, ਜਾਹਨਵੀ ਕਪੂਰ ਅਤੇ ਭੂਮੀ ਪੇਡਨੇਕਰ ਨੂੰ ਵੀ ਨਿਸ਼ਾਨਾ ਬਣਾਇਆ ਸੀ। ਇਸ ਸਬੰਧੀ ਉਸ ਨੇ ਇਨ੍ਹਾਂ ਤਿੰਨਾਂ ਅਦਾਕਾਰਾਂ ਨੂੰ ਜ਼ਬਰਦਸਤੀ ਤੋਹਫ਼ੇ ਭੇਜਣ ਦੀ ਕੋਸ਼ਿਸ਼ ਵੀ ਕੀਤੀ ਸੀ।
ਸਾਰਾ ਅਲੀ ਖਾਨ ਨੇ ਦੱਸੀ ਪੂਰੀ ਸੱਚਾਈ
ਈਡੀ ਦੀ ਚਾਰਜਸ਼ੀਟ ਮੁਤਾਬਕ ਸਾਰਾ ਅਲੀ ਖਾਨ ਨੇ ਪੁੱਛਗਿੱਛ ਦੌਰਾਨ ਈਡੀ ਨੂੰ ਦੱਸਿਆ ਸੀ ਕਿ ਉਹ ਸੁਕੇਸ਼ ਚੰਦਰਸ਼ੇਖਰ ਅਤੇ ਸ਼ੇਖਰ ਨਾਂ ਦੇ ਕਿਸੇ ਵਿਅਕਤੀ ਨੂੰ ਨਹੀਂ ਜਾਣਦੀ ਸੀ।
ਸਾਰਾ ਨੇ ਦੱਸਿਆ ਸੀ ਕਿ ਸੂਰਜ ਰੈੱਡੀ ਨਾਂ ਦੇ ਵਿਅਕਤੀ ਨੇ 21.05.2021 ਨੂੰ ਉਸ ਨੂੰ ਵਟਸਐਪ 'ਤੇ ਮੈਸੇਜ ਭੇਜਿਆ ਸੀ। ਉਸ ਮੈਸੇਜ 'ਚ ਇਸ ਵਿਅਕਤੀ ਨੇ ਸਾਰਾ ਅਲੀ ਖਾਨ ਨੂੰ ਪਰਿਵਾਰ ਦੇ ਨਾਂ 'ਤੇ ਤੋਹਫੇ ਵਜੋਂ ਕਾਰ ਦੇਣ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਕਿਹਾ ਸੀ ਕਿ ਈਰਾਨੀ ਨਾਂ ਦਾ ਸੀਈਓ ਉਸ ਨਾਲ ਸੰਪਰਕ ਕਰੇਗਾ। ਸਾਰਾ ਨੇ ਸੂਰਜ ਰੈੱਡੀ ਨਾਂ ਦੇ ਵਿਅਕਤੀ ਨੂੰ ਸਾਫ ਤੌਰ 'ਤੇ ਇਨਕਾਰ ਕਰ ਦਿੱਤਾ ਕਿ ਉਹ ਕੋਈ ਤੋਹਫਾ ਨਹੀਂ ਲਵੇਗੀ, ਪਰ ਵਿਅਕਤੀ ਦੇ ਜ਼ਿਆਦਾ ਮਜ਼ਬੂਰ ਕਰਨ ਤੋਂ ਬਾਅਦ ਸਾਰਾ ਨੇ ਚਾਕਲੇਟ ਪੈਕ ਗਿਫਟ ਲੈਣ ਲਈ ਸਹਿਮਤੀ ਦਿੱਤੀ। ਇਸ ਵਿਅਕਤੀ ਨੇ ਸਾਰਾ ਨੂੰ ਚਾਕਲੇਟ ਦੇ ਨਾਲ-ਨਾਲ ਇੱਕ ਕੀਮਤੀ ਘੜੀ ਵੀ ਤੋਹਫੇ ਵਜੋਂ ਭੇਜੀ ਸੀ।
ਜਾਹਨਵੀ ਕਪੂਰ ਦਾ ਬਿਆਨ
ਈਡੀ ਨੂੰ ਦਿੱਤੇ ਆਪਣੇ ਬਿਆਨ ਵਿੱਚ ਬਾਲੀਵੁੱਡ ਦੀ ਉੱਭਰਦੀ ਅਦਾਕਾਰਾ ਜਾਹਨਵੀ ਕਪੂਰ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਸ ਨੂੰ ਨਾ ਤਾਂ ਚੰਦਰਸ਼ੇਖਰ ਅਤੇ ਨਾ ਹੀ ਕਿਸੇ ਇਰਾਨੀ ਨੇ ਸੰਪਰਕ ਕੀਤਾ ਸੀ, ਪਰ ਉਸ ਨੂੰ ਲੀਨਾ ਨਾਂ ਦੀ ਔਰਤ ਵੱਲੋਂ ਨੇਲ ਆਰਟਿਸਟਰੀ ਨਾਂ ਦੀ ਕੰਪਨੀ ਤੋਂ ਫੋਨ ਆਇਆ ਸੀ। ਜਾਹਨਵੀ ਨੇ ਦੱਸਿਆ ਕਿ ਇਸ ਔਰਤ ਨੇ ਉਸ ਨੂੰ ਬੈਂਗਲੁਰੂ ਵਿੱਚ ਇੱਕ ਸੈਲੂਨ ਦੇ ਲਾਂਚ ਲਈ ਮਹਿਮਾਨ ਵਜੋਂ ਆਉਣ ਲਈ ਕਿਹਾ ਸੀ। ਦੱਸ ਦੇਈਏ ਕਿ ਲੀਨਾ ਠੱਗ ਸੁਕੇਸ਼ ਚੰਦਰਸ਼ੇਖਰ ਦੀ ਪਤਨੀ ਹੈ।
ਜਾਹਨਵੀ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ ਜੁਲਾਈ ਵਿੱਚ ਉਸਨੇ ਇਸ ਸੈਲੂਨ ਦਾ ਉਦਘਾਟਨ ਕੀਤਾ ਸੀ ਅਤੇ ਇਸਦੇ ਬਦਲੇ ਉਸਨੂੰ ਇੱਕ ਲਗਜ਼ਰੀ ਬੈਗ ਅਤੇ 18.94 ਲੱਖ ਰੁਪਏ ਮਿਲੇ ਸਨ। ਦੱਸ ਦਈਏ ਕਿ ਜਾਹਨਵੀ ਨੇ ਈਡੀ ਨੂੰ ਇਸ ਰਕਮ ਦੇ ਲੈਣ-ਦੇਣ ਦਾ ਮੈਸੇਜ ਵੀ ਦਿਖਾਇਆ ਸੀ।
ਸੁਕੇਸ਼ ਦਾ ਤੀਜਾ ਨਿਸ਼ਾਨਾ
ਸੁਕੇਸ਼ ਦੇ ਨਿਸ਼ਾਨੇ 'ਤੇ ਤੀਜੀ ਅਦਾਕਾਰਾ ਭੂਮੀ ਪੇਡਨੇਕਰ ਸੀ। ਈਡੀ ਦੀ ਚਾਰਜਸ਼ੀਟ 'ਚ ਭੂਮੀ ਪੇਡਨੇਕਰ ਨੇ ਦੱਸਿਆ ਸੀ ਕਿ ਉਸ ਨਾਲ ਇਰਾਨੀ ਨਾਂ ਦੀ ਔਰਤ ਨੇ ਸੰਪਰਕ ਕੀਤਾ ਸੀ। ਭੂਮੀ ਨੇ ਦੱਸਿਆ ਕਿ ਔਰਤ ਨੇ ਆਪਣੀ ਪਛਾਣ 'ਨਿਊਜ਼ ਐਕਸਪ੍ਰੈਸ ਪੋਸਟ' ਕੰਪਨੀ ਦੇ ਐਚਆਰ ਵਿਭਾਗ ਦੀ ਉਪ ਪ੍ਰਧਾਨ ਵਜੋਂ ਕਰਵਾਈ ਸੀ। ਇਰਾਨੀ ਨੇ ਭੂਮੀ ਨੂੰ ਦੱਸਿਆ ਸੀ ਕਿ ਕੰਪਨੀ ਦੇ ਚੇਅਰਮੈਨ ਚੰਦਰਸ਼ੇਖਰ ਨੂੰ ਉਸ ਦੀਆਂ ਫਿਲਮਾਂ ਪਸੰਦ ਹਨ ਅਤੇ ਉਹ ਇਕ ਵੱਡੇ ਪ੍ਰੋਜੈਕਟ ਬਾਰੇ ਗੱਲ ਕਰਨਾ ਚਾਹੁੰਦੇ ਹਨ ਅਤੇ ਇਕ ਕਾਰ ਵੀ ਗਿਫ਼ਟ ਕਰਨਾ ਚਾਹੁੰਦੇ ਹਨ।
ਦੱਸ ਦੇਈਏ ਕਿ ਸੁਕੇਸ਼ ਚੰਦਰਸ਼ੇਖਰ 'ਤੇ ਇਕ ਵੱਡੀ ਫਾਰਮਾ ਕੰਪਨੀ ਦੇ ਵੱਡੇ ਅਹੁਦੇ 'ਤੇ ਬੈਠੇ ਵਿਅਕਤੀ ਦੀ ਪਤਨੀ ਨੂੰ ਧੋਖਾ ਦੇਣ ਦਾ ਦੋਸ਼ ਹੈ, ਜਿਸ ਕਾਰਨ ਉਹ ਦਿੱਲੀ ਦੀ ਤਿਹਾੜ ਜੇਲ 'ਚ ਸਜ਼ਾ ਕੱਟ ਰਿਹਾ ਹੈ।
ਇਹ ਵੀ ਪੜ੍ਹੋ:ਛੋਟੀ ਗੰਗੂਬਾਈ ਦੇ ਵਾਇਰਲ ਵੀਡੀਓ 'ਤੇ ਆਲੀਆ ਭੱਟ ਨੇ ਕੰਗਨਾ ਰਣੌਤ ਨੂੰ ਆਪਣੀ ਭਾਸ਼ਾ 'ਚ ਦਿੱਤਾ ਜਵਾਬ