ਲੁਧਿਆਣਾ: ਸ਼ਹਿਰ ਦੇ ਪਿੰਡ ਅਜਲੋਦ ਵਿਖੇ ਇੱਕ ਦਾਦੀ ਵਲੋਂ ਅਪਣੇ ਹੀ ਦੋ ਮਹੀਨੇ ਨੂੰ ਸਾੜਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਬਾਂਹ ਦਾ ਕੁੱਝ ਹਿੱਸਾ ਸੜ ਗਿਆ ਤੇ ਬੱਚੇ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
2 ਮਹੀਨੇ ਨਵਜਾਤ ਬੱਚੇ ਦੀ ਪਛਾਣ ਕਰਨਵੀਰ ਵਜੋਂ ਹੋਈ ਹੈ। ਕਰਨਵੀਰ ਦੀ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਪਤੀ, 2 ਮਹੀਨੇ ਦੇ ਪੁੱਤਰ ਸਣੇ ਸੱਸ ਤੇ ਦਿਓਰ ਨਾਲ ਰਹਿੰਦੀ ਹੈ। ਪੀੜਤ ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਤੀ ਦੀ ਮਤਰੇਈ ਮਾਂ ਉਨ੍ਹਾਂ ਨੂੰ ਘਰੋਂ ਕੱਢਣਾ ਚਾਹੁੰਦੀ ਹੈ। ਸਹੁਰੇ ਪਰਿਵਾਰ ਦੀ ਜਾਇਦਾਦ ਉਹ ਮਹਿਜ਼ ਆਪਣੇ ਬੱਚਿਆਂ ਨੂੰ ਦੇਣ ਲਈ ਉਹ ਉਨ੍ਹਾਂ ਨਾਲ ਨਫ਼ਰਤ ਕਰਦੀ ਹੈ।
ਬੀਤੇ ਦਿਨੀਂ ਉਸ ਦੀ ਮਤਰੇਈ ਸੱਸ ਨੇ ਉਸ ਦੇ 2 ਮਹੀਨੇ ਦੇ ਨਵਜਾਤ ਪੁੱਤਰ 'ਤੇ ਗਰਮ-ਗਰਮ ਸਬਜ਼ੀ ਪਾ ਦਿੱਤੀ। ਜਿਸ ਕਾਰਨ ਉਸ ਦੇ ਬੇਟੇ ਦੀ ਇੱਕ ਬਾਂਹ ਦਾ ਕਾਫੀ ਹਿੱਸਾ ਸੜ ਗਿਆ। ਉਹ ਤੁਰੰਤ ਬੱਚੇ ਨੂੰ ਹਸਪਤਾਲ ਲੈ ਕੇ ਪੁੱਜੇ ਤੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੀੜਤ ਬੱਚੇ ਦੇ ਮਾਪਿਆਂ ਨੇ ਇਨਸਾਫ਼ ਦੀ ਮੰਗ ਕਰਦਿਆਂ ਮੁਲਜ਼ਮ ਸੱਸ ਉੱਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਇਸ ਬਾਰੇ ਐਸਐਚਓ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਘਟਨਾ ਸਬੰਧੀ ਜਾਣਕਾਰੀ ਮਿਲੀ ਸੀ। ਉਨ੍ਹਾਂ ਨੇ ਪੀੜਤ ਬੱਚੇ ਦੇ ਮਾਂਪਿਆਂ ਦੇ ਬਿਆਨ ਦੇ ਅਧਾਰ 'ਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਫ਼ਿਲਹਾਲ ਜ਼ਖਮੀ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਰਾਲਾ 'ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਜਲਦ ਹੀ ਮਾਮਲੇ ਦੀ ਜਾਂਚ ਪੂਰੀ ਕਰ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ।