ਫਤਿਹਗੜ੍ਹ ਸਾਹਿਬ: ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਪੰਚਾਇਤੀ ਚੇਣਾਂ ਨੂੰ ਦੇਖਦੇ ਹੋਏ ਉਮੀਦਵਾਰਾਂ ਵੱਲੋਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਰਹੇ ਹਨ। ਉਥੇ ਹੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਲਾਕ ਖੇੜਾ ਦੇ ਪਿੰਡ ਤਿੰਬਰਪੁਰ ਦੇ ਵੱਲੋਂ ਵੱਖਰੀ ਮਿਸਾਲ ਕਾਇਮ ਕਰਦੇ ਹੋਏ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ। ਜਿਸਨੂੰ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵੱਲੋਂ ਸਨਮਾਨਿਤ ਕੀਤਾ ਗਿਆ।
'ਪੰਚਾਇਤ ਚੁਣ ਕੇ ਸਿਰਜਿਆ ਇਤਿਹਾਸ'
ਇਸ ਮੌਕੇ ਗੱਲਬਾਤ ਕਰਦੇ ਹੋਏ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਬਹੁਤ ਥਾਵਾਂ ਤੇ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਜਾ ਰਹੀਆਂ ਜੋ ਕਿ ਇੱਕ ਵਧਿਆ ਕਦਮ ਹੈ। ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਪਿੰਡ ਤਿੰਬਰਪੁਰ ਦੇ ਨਿਵਾਸੀਆਂ ਵੱਲੋਂ 4 ਵਾਰ ਸਰਬਸੰਮਤੀ ਨਾਲ ਪੰਚਾਇਤ ਚੁਣ ਕੇ ਇੱਕ ਇਤਿਹਾਸ ਸਿਰਜਿਆ ਗਿਆ ਹੈ।
'ਲੜਾਈਆ ਤੋਂ ਬਚਾ ਕੇ ਸਰਬਸੰਮਤੀ ਨਾਲ ਬਣਾ ਰਹੇ ਹਾਂ ਪੰਚਾਇਤਾਂ'
ਰਾਏ ਨੇ ਕਿਹਾ ਕਿ ਪਿੰਡ ਦੇ ਵਿਕਾਸ ਕਰਵਾ ਕੇ ਇੱਕ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਨੂੰ ਨਗਰ ਨੇ ਜਿੰਮੇਵਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਪਿੰਡ ਵਿੱਚ ਇੱਕ ਗਰਾਉਂਡ ਅਤੇ ਇੱਕ ਮੈਰਿਜ ਪੈਲਸ ਬਣਵਾਇਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਨਗਰ ਨਿਵਾਸੀਆ ਨੂੰ ਵਿਸਵਾਸ ਦਵਾਉਨੇ ਹਾਂ ਕਿ ਪਿੰਡ ਨੂੰ ਮੌਡਲ ਪਿੰਡ ਬਣਾ ਕੇ ਦਿਖਾਵਾਂਗੇ। ਉਨ੍ਹਾਂ ਇਹ ਵੀ ਦੱਸਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਜਾ ਰਹੇ ਹਨ ਅਤੇ ਖੇਡਾਂ ਵੱਲ ਜਿਆਦਾ ਧਿਆਨ ਲਾ ਰਹੇ ਹਨ ਅਤੇ ਲੜਾਈਆ ਤੋਂ ਬਚਾ ਕੇ ਸਰਬਸੰਮਤੀ ਨਾਲ ਪੰਚਾਇਤਾਂ ਬਣਾ ਰਹੇ ਹਾਂ।
ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ 'ਤੇ ਬਾਬਾ ਜੋਰਾਵਰ ਸਾਹਿਬ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਮਹਾਨ ਸ਼ਹਾਦਤ ਵਾਲੀ ਧਰਤੀ 'ਤੇ ਪਿੰਡ ਦੀਆਂ ਅਗਲੀਆਂ ਪੰਚਾਇਤਾਂ ਵੀ ਸਰਬਸੰਮਤੀ ਨਾਲ ਹੋਣਗੀਆਂ।
ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ
ਬਲਾਕ ਖੇੜਾ ਦੇ ਅਧੀਨ ਪੈਂਦੇ ਪਿੰਡ ਤਿੰਬਰਪੁਰ ਵਿਖੇ ਪਿੰਡ ਵਾਸੀਆਂ ਵੱਲੋਂ ਪੰਚਾਇਤ ਨੂੰ ਲੈ ਕੇ ਸਰਬਸੰਮਤੀ ਬਣਾਉਣ ਲਈ ਮੀਟਿੰਗ ਹੋਈ। ਜਿਸ ਵਿੱਚ ਸਰਪੰਚ ਲਈ ਹਰਵਿੰਦਰ ਕੌਰ ਅਤੇ ਕੁਲਵਿੰਦਰ ਸਿੰਘ, ਰਾਜਵਿੰਦਰ ਕੌਰ, ਬਲਵੀਰ ਕੌਰ, ਅਜੀਤ ਸਿੰਘ, ਗੁਰਦੀਪ ਸਿੰਘ ਨੂੰ ਮੈਂਬਰ ਚੁਣਿਆ ਗਿਆ। ਜਿਸ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ।