ਚੰਡੀਗੜ੍ਹ : ਅੰਡਰਵਲਡ ਡੋਨ ਦਾਊਦ ਇਬਰਾਹਿਮ ਨੇ ਪਾਕਿਸਤਾਨੀ ਪਠਾਣ ਔਰਤ ਨਾਲ ਦੂਜਾ ਵਿਆਹ ਕਰਵਾ ਲਿਆ ਹੈ। ਇਹ ਖੁਲਾਸਾ ਕੇਂਦਰੀ ਜਾਂਚ ਏਜੰਸੀ ਕੋਲ ਹਸੀਨਾ ਪਾਰਕਰ ਦੇ ਪੁੱਤਰ ਅਤੇ ਦਾਊਦ ਇਬਰਾਹਿਮ ਦੇ ਭਾਣਜੇ ਅਲੀਸ਼ਾਹ ਨੇ ਕੀਤਾ ਹੈ। ਅਲੀਸ਼ਾਹ ਨੇ ਦੱਸਿਆ ਕਿ ਦਾਊਦ ਨੇ ਦੂਜਾ ਵਿਆਹ ਕਰਵਾ ਕੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਵੀ ਨਹੀਂ ਦਿੱਤਾ।
ਦਾਊਦ ਨੇ ਪਤਾ ਵੀ ਬਦਲਿਆ: ਦਾਊਦ ਨੇ ਸਿਰਫ ਦੂਜਾ ਵਿਆਹ ਹੀ ਨਹੀਂ ਕੀਤਾ, ਸਗੋਂ ਆਪਣਾ ਪਤਾ ਵੀ ਬਦਲ ਲਿਆ ਹੈ। ਅਲੀਸ਼ਾਹ ਨੇ ਦੱਸਿਆ ਕਿ ਦਾਊਦ ਨੇ ਪਾਕਿਸਤਾਨ ਦੇ ਕਰਾਚੀ ਵਿਚ ਆਪਣਾ ਠਿਕਾਣਾ ਬਣਾਇਆ ਹੋਇਆ ਹੈ। ਟੈਰਰ ਫੰਡਿੰਗ ਮਾਮਲੇ ਵਿਚ ਐੱਨਆਈਏ ਨੇ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਵਿਚ ਏਜੰਸੀ ਨੇ ਕਿਹਾ ਕਿ ਅਲੀਸ਼ਾਹ ਨੇ ਆਪਣੇ ਬਿਆਨ ਵਿਚ ਦਾਊਦ ਸਬੰਧੀ ਕਾਫੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਐੱਨਆਈਏ ਨੇ ਇਸ ਮਾਮਲੇ ਵਿਚ ਦਾਊਦ ਇਬਰਾਹਿਮ ਅਤੇ ਉਸ ਦੇ ਕਰੀਬੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਸਪੈਸ਼ਲ ਟੀਮ ਤਿਆਰ ਕਰ ਰਿਹਾ ਦਾਊਦ: ਐੱਨਆਈਏ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਦਾਊਦ ਇਬਰਾਹਿਮ ਦੇ ਵੱਡੇ ਆਗੂਆਂ ਤੇ ਕਾਰੋਬਾਰੀਆਂ ਉੱਤੇ ਹਮਲਾ ਕਰਨ ਦੀ ਫਿਰਾਕ ਵਿਚ ਹੈ। ਇਸ ਲਈ ਉਹ ਸਪੈਸ਼ਲ ਟੀਮ ਬਣਾ ਰਿਹਾ ਹੈ। ਇਹ ਟੀਮ ਕਈ ਸ਼ਹਿਰਾਂ ਵਿਚ ਦਹਿਸ਼ਤ ਫੈਲਾ ਸਕਦੀ ਹੈ। ਐੱਨਆਈਏ ਨੇ ਅਲੀਸ਼ਾਹ ਦੇ ਬਿਆਨ ਦਰਜ ਕਰ ਲਏ ਹਨ।
ਕੀ ਹੈ ਦਾਊਦ ਦਾ ਨਵਾਂ ਪਤਾ: ਅਲੀਸ਼ਾਹ ਦੇ ਬਿਆਨ ਅਨੁਸਾਰ, ਦਾਊਦ ਦੇ ਚਾਰ ਭਰਾ ਹਨ ਤੇ ਚਾਰ ਭੈਣਾਂ। ਉਸ ਨੇ ਦੱਸਿਆ ਕਿ ਦਾਊਦ ਅਫਵਾਹ ਫੈਲਾ ਰਿਹਾ ਹੈ ਕਿ ਉਸ ਨੇ ਦੂਜਾ ਵਿਆਹ ਕਰਵਾਉਣ ਲਈ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਦਿੱਤਾ ਹੈ, ਪਰ ਅਜਿਹਾ ਨਹੀਂ ਹੈ। ਇਸ ਤੋਂ ਇਲਾਵਾ ਉਹ ਹੁਣ ਕਰਾਚੀ ਦੇ ਅਬਦੁੱਲਾ ਗਾਜ਼ੀ ਬਾਬਾ ਦਰਗਾਹ ਦੇ ਪਿੱਛੇ ਸਥਿਤ ਰਹੀਮ ਫਾਕੀ ਦੇ ਕੋਲ ਡਿਫੈਂਸ ਕਾਲੋਨੀ ਵਿਚ ਰਹਿੰਦਾ ਹੈ।
ਇਹ ਵੀ ਪੜ੍ਹੋ: Global terrorist Abdul Rehman Makki : ਹਾਫਿਜ਼ ਸਈਦ ਦੇ ਸਾਲੇ ਅਬਦੁਲ ਰਹਿਮਾਨ ਮੱਕੀ ਨੂੰ ਅੰਤਰਰਾਸ਼ਟਰੀ ਅੱਤਵਾਦੀ ਐਲਾਨਿਆ
ਦੁਬਈ ਵਿਚ ਮਹਿਜਬੀਂ ਨਾਲ ਮਿਲਿਆ ਸੀ ਅਲੀਸ਼ਾਹ: ਅਲੀਸ਼ਾਹ ਨੇ ਬਿਆਨ ਵਿਚ ਕਿਹਾ ਕਿ ਉਹ ਦਾਊਦ ਇਬਰਾਹਿਮ ਦੀ ਪਤਨੀ ਮਹਿਜਬੀਂ ਨੂੰ ਕੁਝ ਮਹੀਨੇ ਪਹਿਲਾਂ ਦੁਬਈ ਵਿਚ ਮਿਲਿਆ ਸੀ। ਅਲੀਸ਼ਾਹ ਨੇ ਕਿਹਾ ਕਿ ਉਹ ਦੁਬਈ ਵਿਚ ਜੈਤੂਨ ਅੰਤੁਲੇ ਦੇ ਘਰ ਰੁਕਿਆ ਸੀ। ਉਸ ਨੇ ਦਾਅਵਾ ਕੀਤਾ ਕਿ ਉਹ ਮਹਿਜਬੀਂ ਉਸ ਦੀ ਪਤਨੀ ਨਾਲ ਕਿਸੇ ਤਿਉਹਾਰ ਮੌਕੇ ਫੋਨ ਕਰਦੀ ਸੀ। ਉਸ ਉਸ ਨਾਲ ਵ੍ਹਟਸਐਪ ਕਾਲ ਜ਼ਰੀਏ ਗੱਲ ਕਰਦੀ ਸੀ, ਜਦਕਿ ਦਾਊਦ ਕਿਸੇ ਦੇ ਸੰਪਰਕ ਵਿਚ ਨਹੀਂ ਸੀ।