ਨਵੀਂ ਦਿੱਲੀ: ਪੂਰੀ ਦੁਨੀਆ ਵਿਚ ਕਹਿਰ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਇਲਾਜ ਲਈ ਬਹੁਤ ਸਾਰੀਆਂ ਦਵਾਈ ਕੰਪਨੀ ਮਿਲ ਕੇ ਕੰਮ ਕਰ ਰਹੀਆਂ ਹਨ। ਇਸ ਦੇ ਵਿੱਚ ਹੁਣ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆ ਰਹੀ ਹੈ, ਔਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਗਈ ਕੋਰੋਨਾ ਵਾਇਰਸ ਵੈਕਸੀਨ ਸੁਰੱਖਿਅਤ ਵਿਖਾਈ ਦਿੱਤੀ ਹੈ ਅਤੇ ਸਾਹਮਣੇ ਆਇਆ ਹੈ ਕਿ ਇਹ ਵੈਕਸੀਨ ਇਮਿਊਨ ਸਿਸਟਮ ਨੂੰ ਮਜ਼ਬੂਤ ਕਰ ਸਕਦੀ ਹੈ।
ਤਕਰੀਬਨ 1,077 ਵਿਅਕਤੀਆਂ ‘ਤੇ ਇਸ ਦਾ ਟ੍ਰਾਇਲ ਕੀਤਾ ਗਿਆ, ਜਿਸ ਵਿਚ ਸਾਹਮਣੇ ਆਇਆ ਕਿ ਇਸ ਵੈਕਸੀਨ ਨਾਲ ਉਨ੍ਹਾਂ ਦੇ ਅੰਦਰ ਐਂਟੀਬਾਡੀਜ਼ ਅਤੇ ਚਿੱਟੇ ਬਲੱਡ ਸੈੱਲ ਬਣਦੇ ਹਨ,ਜੋ ਕੋਰੋਨਾ ਵਾਇਰਸ ਨਾਲ ਲੜ ਸਕਦੇ ਹਨ।
ਖੋਜ ਤਾਂ ਬਹੁਤ ਭਰੋਸੇਮੰਦ ਲੱਗ ਰਹੀ ਹੈ, ਪਰ ਅਜੇ ਵੀ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ ਕਿ ਕੀ ਇਹ ਸੁਰੱਖਿਆ ਪ੍ਰਦਾਨ ਕਰਨ ਲਈ ਕਾਫ਼ੀ ਹੈ। ਹੋਰ ਕਈ ਵੱਡੇ ਟਰਾਇਲ ਵੀ ਚੱਲ ਰਹੇ ਹਨ। ਉੱਥੇ ਹੀ ਯੂਕੇ ਇਸ ਵੈਕਸੀਨ ਦੀਆਂ ਪਹਿਲਾਂ ਹੀ 100 ਮਿਲੀਅਨ ਡੋਜ਼ ਦਾ ਆਰਡਰ ਦੇ ਚੁੱਕਾ ਹੈ।
ਇਹ ਵੀ ਪੜੋ: ਦੁਨੀਆ ਭਰ 'ਚ ਹਰ ਰੋਜ਼ ਕੋਰੋਨਾ ਵਾਇਰਸ ਦੇ ਢਾਈ ਲੱਖ ਤੋਂ ਵੱਧ ਮਾਮਲੇ ਆ ਰਹੇ ਸਾਹਮਣੇ