ਪਾਕਿਸਤਾਨ: ਬਲੂਚਿਸਤਾਨ ਇਲਾਕੇ 'ਚ ਗਵਾਦਰ ਸਥਿਤ ਇੱਕ ਪੰਜ ਸਿਤਾਰਾ ਹੋਟਲ 'ਚ ਅੱਤਵਾਦੀ ਹਮਲੇ ਦੀ ਖ਼ਬਰ ਹੈ। ਹੋਟਲ ਬੰਦੂਕਧਾਰੀ ਅੱਤਵਾਦੀਆਂ ਦੇ ਕਬਜ਼ੇ 'ਚ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਹੋਟਲ ਅੰਦਰ 3 ਬੰਦੂਕਧਾਰੀਆਂ ਦੇ ਮੌਜੂਦ ਹੋਣ ਦੀ ਖ਼ਬਰ ਹੈ। ਅੱਤਵਾਦੀ ਬਲੂਚਿਸਤਾਨ ਦੇ ਗਵਾਦਰ ਸ਼ਹਿਰ ਸਥਿਤ ਪੀਲ ਕਾਨਟੀਨੈਂਟਲ ਹੋਟਲ 'ਚ ਦਾਖ਼ਲ ਹੋ ਪਹਿਲੀ ਮੰਜ਼ਿਲ ਤੋਂ ਗੋਲ਼ੀਆਂ ਵਰ੍ਹਾਂ ਰਹੇ ਹਨ। ਇਸ ਘਟਨਾ ਨਾਲ ਪੂਰੇ ਪਾਕਿਸਤਾਨ 'ਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਪਾਕਿਸਤਾਨ ਸੁਰੱਖਿਆ ਬਲਾਂ ਨੇ ਹੋਟਲ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ।
ਇਸ ਦੌਰਾਨ ਇੱਕ ਸੁਰੱਖਿਆ ਗਾਰਡ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਗਾਰਡ ਅੱਤਵਾਦੀਆਂ ਦੇ ਹੋਟਲ ਅੰਦਰ ਦਾਖਿਲ ਹੋਣ ਦਾ ਵਿਰੋਧ ਕਰ ਰਿਹਾ ਸੀ।
ਐਕਸਪ੍ਰੈੱਸ ਟ੍ਰਿਬਿਊਨ ਨੇ ਬਲੂਚਿਸਤਾਨ ਦੇ ਸੂਚਨਾ ਮੰਤਰੀ ਜਹੂਰ ਬੁਲੇਦੀ ਦੇ ਹਵਾਲੇ ਤੋਂ ਕਿਹਾ ਕਿ ਹੋਟਲ 'ਚ ਰੁਕੇ ਹੋਏ ਸਾਰੇ ਵਿਦੇਸ਼ੀ ਤੇ ਸਥਾਨਕ ਮਹਿਮਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਪਾਕਿਸਤਾਨ ਨਿਯੂਜ਼ ਪੇਪਰ ਡਾਨ ਨੇ ਇੱਕ ਪੁਲਿਸ ਅਧਿਕਾਰੀ ਦੇ ਹਵਾਲੇ ਤੋਂ ਲਿਖਿਆ ਹੈ ਕਿ ਹੱਥਿਆਰਾਂ ਨਾਲ ਲੈਸ 2 ਤੋਂ 3 ਅੱਤਵਾਦੀ ਹੋਟਲ ਤੋਂ ਲਗਾਤਾਰ ਗੋਲ਼ੀਆਂ ਵਰ੍ਹਾਂ ਰਹੇ ਹਨ। ਉਨ੍ਹਾਂ ਕਿਹਾ ਕਿ ਕਰੀਬ 4:50 ਵਜੇ ਅੱਤਵਾਦੀ ਹੋਟਲ ਅੰਦਰ ਦਾਖ਼ਲ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਹੋਟਲ ਨੂੰ ਘੇਰ ਲਿਆ ਹੈ।