ਚੰਡੀਗੜ੍ਹ: ਭਾਰਤੀ ਫਿਲਮਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਣ ਮਿਲਣ ਦਾ ਸਿਲਸਿਲਾ ਇੰਨੀਂ ਦਿਨੀਂ ਬਾਦਸਤੂਰ ਜਾਰੀ ਹੈ, ਜਿਸ ਦੀ ਹੀ ਲੜ੍ਹੀ ਵਜੋਂ ਵੈਜਯੰਤੀ ਮੂਵੀਜ਼ ਵੱਲੋਂ ਬਣਾਈ ਗਈ ਫਿਲਮ ‘ਸੀਤਾ ਰਾਮਮ’ ਨੂੰ ਆਸਟ੍ਰੇਲੀਆ ਦੇ ਮੈਲਬੋਰਨ ਵਿਖੇ ਆਯੋਜਿਤ ਕੀਤੇ ਗਏ ‘ਇੰਡੀਅਨ ਫਿਲਮ ਫੈਸਟੀਵਲ ਆਈਐਫਐਫਐਮ 2023’ ਵਿੱਚ 'ਸਰਬੋਤਮ ਭਾਰਤੀ ਫਿਲਮ’ ਦਾ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।
ਹਿੰਦੀ ਅਤੇ ਤੇਲਗੂ ਭਾਸ਼ਾ ਵਿਚ ਬਣਾਈ ਗਈ ਇਸ ਫਿਲਮ ਵਿਚ ਦੁਲਕਰ ਸਲਮਾਨ, ਮ੍ਰਿਣਾਲ ਠਾਕੁਰ ਅਤੇ ਰਸ਼ਮੀਕਾ ਮੰਡਾਨਾ ਦੁਆਰਾ ਮੁੱਖ ਭੂਮਿਕਾਵਾਂ ਨਿਭਾਈਆਂ ਗਈਆਂ ਹਨ, ਜੋ ਕਿ ਇਕ ਪੀਰੀਅਡ-ਡਰਾਮਾ ਕਹਾਣੀ ਆਧਾਰਿਤ ਫਿਲਮ ਹੈ।
ਬਾਲੀਵੁੱਡ ਅਤੇ ਦੱਖਣੀ ਭਾਰਤੀ ਸਿਨੇਮਾ ਦੀਆਂ ਚਰਚਿਤ ਫਿਲਮਾਂ ਵਿਚ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਹੀ ਇਸ ਫਿਲਮ ਨੂੰ ਹਾਨੂ ਰਾਘਵਪੁਡੀ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਵੈਜਯੰਤੀ ਮੂਵੀਜ਼ ਅਤੇ ਸਵਪਨਾ ਸਿਨੇਮਾ ਦੁਆਰਾ ਇਸ ਨੂੰ ਆਪਣੇ ਘਰੇਲੂ ਬੈਨਰ ਅਧੀਨ ਨਿਰਮਿਤ ਕੀਤਾ ਗਿਆ ਹੈ।
ਉਕਤ ਫਿਲਮ ਨੂੰ ਆਲਮੀ ਪੱਧਰ 'ਤੇ ਮਿਲੇ ਇਸ ਮਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਫਿਲਮ ਦੀ ਨਿਰਮਾਣ ਟੀਮ ਨੇ ਕਿਹਾ ਕਿ ਫੈਸਟੀਵਲ ਜਿਊਰੀ ਅਤੇ ਦੁਨੀਆ ਭਰ ਵਿਚ ਵੱਸਦੇ ਦਰਸ਼ਕਾਂ ਦਾ ਇਸ ਫਿਲਮ ਨੂੰ ਏਨਾ ਪਿਆਰ ਅਤੇ ਸਤਿਕਾਰ ਦੇਣ ਲਈ ਤਹਿ ਦਿਲੋਂ ਤੋਂ ਸ਼ੁਕਰੀਆਂ। ਇਸ ਫਿਲਮ ਦੀਆਂ ਮੁੱਖ ਅਦਾਕਾਰਾ ਨੇ ਵੀ ਆਪਣੀ ਇਸ ਖੁਸ਼ੀ ਨੂੰ ਸਾਂਝਾਂ ਕਰਦੇ ਹੋਏ ਕਿਹਾ ਕਿ ਪੂਰੀ ਫਿਲਮ ਟੀਮ ਲਈ ਇਹ ਮਹੱਤਵਪੂਰਨ ਪਲ ਹਨ, ਜਿੰਨ੍ਹਾਂ ਦੀ ਦਿਨ ਰਾਤ ਕੀਤੀ ਮਿਹਨਤ ਅਤੇ ਫਿਲਮ ਦੇ ਅਲਹਦਾ ਕੰਟੈਂਟ ਦੇ ਚਲਦਿਆਂ ਇਸ ਨੂੰ ਡਾਇਵਰਸਿਟੀ ਇਨ ਸਿਨੇਮਾ ਪੁਰਸਕਾਰ ਆਪਣੀ ਝੋਲੀ ਪਾਉਣ ਦਾ ਮਾਣ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਉਕਤ ਫੈਸਟੀਵਲ ਅੰਤਰਰਾਸ਼ਟਰੀ ਪੱਧਰ ਦੇ ਅਜਿਹੇ ਮਾਣਮੱਤੇ ਸਿਨੇਮਾ ਉਤਸ਼ਾਹਿਤ ਯਤਨ ਵਜੋਂ ਸ਼ੁਮਾਰ ਕਰਵਾਉਂਦਾ ਹੈ, ਜਿਸ ਵਿਚ ਭਾਰਤੀ ਉਪ-ਮਹਾਂਦੀਪ ਦੀ ਸਭ ਤੋਂ ਵਧੀਆ ਭਾਰਤੀ ਸਿਨੇਮਾ ਸਿਰਜਨਾ ਨੂੰ ਸ਼ਾਮਲ ਕੀਤਾ ਜਾਂਦਾ ਹੈ ਅਤੇ ਇਸ ਵਾਰ ਇਹ ਮਾਣ ਉਨਾਂ ਦੀ ਫਿਲਮ ਦੇ ਹਿੱਸੇ ਆਇਆ ਹੈ, ਜਿਸ ਨਾਲ ਪੂਰੇ ਭਾਰਤੀ ਸਿਨੇਮਾ ਦੇ ਸਤਿਕਾਰ ਵਿਚ ਵਾਧਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਸਾਡੇ ਸਭਨਾਂ ਲਈ ਇਹ ਖੁਸ਼ੀ ਭਰੇ ਪਲ ਉਸ ਸਮੇਂ ਹੋਰ ਦੋਗਣੇ ਹੋ ਗਏ, ਜਦੋਂ ਮੈਲਬੌਰਨ ਦੇ ਪ੍ਰਸਿੱਧ ਹੈਮਰ ਹਾਲ ਵਿੱਚ ਆਪਣੀ ਪੂਰੀ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤੇ ਗਏ ਇਸ ਗ੍ਰੈਂਡ ਫਿਲਮ ਸਮਾਰੋਹ ਹਿੰਦੀ ਸਿਨੇਮਾ ਦੀਆਂ ਕਈ ਮੰਨੀਆਂ ਪ੍ਰਮੰਨੀਆਂ ਸ਼ਖ਼ਸ਼ੀਅਤਾਂ ਕਰਨ ਜੌਹਰ, ਰਾਣੀ ਮੁਖਰਜੀ, ਸ਼ਬਾਨਾ ਆਜ਼ਮੀ, ਅਭਿਸ਼ੇਕ ਬੱਚਨ, ਅਨੁਰਾਗ ਕਸ਼ਯਪ, ਕਾਰਤਿਕ ਆਰੀਅਨ ਆਦਿ ਨੇ ਵੀ ਆਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾਈ ਅਤੇ ਫਿਲਮ ਅਤੇ ਕਲਾਕਾਰਾਂ ਦੀ ਉਮਦਾ ਅਦਾਕਾਰੀ ਦੀ ਰੱਜਵੀ ਸਲਾਹੁਤਾ ਵੀ ਕੀਤੀ, ਜਿਸ ਨਾਲ ਉਨਾਂ ਦੀ ਸਾਰੀ ਟੀਮ ਨੂੰ ਅੱਗੇ ਹੋਰ ਚੰਗੇਰਾ ਕਰਨ ਦਾ ਹੌਂਸਲਾ ਅਤੇ ਉਤਸ਼ਾਹ ਮਿਲਿਆ ਹੈ।