ਸੰਗਰੂਰ : ਲਹਿਰਾਗਾਗਾ ਦੇ ਪਿੰਡ ਲਹਿਲ ਕਲਾਂ ਦੇ ਇੱਕ ਨੌਜਵਾਨ ਦੀ ਫਾਈਰਿੰਗ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਬਿਨ੍ਹਾਂ ਵਜ੍ਹਾ ਸ਼ੌਕ ਲਈ ਫਾਈਰਿੰਗ ਕਰਦੇ ਹੋਏ ਦੀ ਵੀਡੀਓ ਵਾਇਰਲ ਕਰਨ ਨੂੰ ਲੈ ਕੇ ਸਥਾਨਕ ਪੁਲਿਸ ਵੱਲੋਂ ਉਕਤ ਨੌਜਵਾਨ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਬਾਰੇ ਦੱਸਦੇ ਹੋਏ ਥਾਣਾ ਲਹਿਰਾ ਦੇ ਐਸਐਚਓ ਸੁਰਿੰਦਰ ਭੱਲਾ ਨੇ ਦੱਸਿਆ ਕਿ ਪਿੰਡ ਲਹਿਲ ਕਲਾਂ ਦੇ ਇੱਕ ਨੌਜਵਾਨ ਨੇ ਟਿੱਕ ਟਾਕ ਉੱਤੇ ਇੱਕ ਪਿਸਤੌਲ ਅਤੇ ਦੁਨਾਲੀ ਰਾਈਫਲ ਨਾਲ ਗੋਲੀਆਂ ਚਲਾਉਂਦੇ ਵੀਡੀਓ ਵਾਇਰਲ ਕੀਤੀ ਸੀ।
ਉਸ ਦੇ ਵਿਰੁੱਧ ਪਿੰਡ ਦੇ ਇੱਕ ਹੋਰ ਵਿਅਕਤੀ ਵੱਲੋਂ ਬਿਨ੍ਹਾਂ ਕਿਸੇ ਵਜ੍ਹਾ ਦੇ ਗੋਲੀਆਂ ਚਲਾਉਣ ਤੇ ਫਾਈਰ ਕਰਨ ਦੀ ਸ਼ਿਕਾਇਤ ਕੀਤੀ ਗਈ ਹੈ। ਸ਼ਿਕਾਇਤ ਦੇ ਅਧਾਰ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਉਕਤ ਨੌਜਵਾਨ ਵਿਰੁੱਧ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਐਸਐਚਓ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨੌਜਵਾਨ ਵੱਲੋਂ ਅਜਿਹੀ ਕਈ ਵੀਡੀਓ ਬਣਾ ਕੇ ਟਿੱਕ ਟਾਕ ਉੱਤੇ ਵਾਇਰਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਦੇ ਦੋ ਵੀਡੀਓ ਵਿੱਚ ਇਸਤੇਮਾਲ ਕੀਤੀ ਗਈ ਪਿਸਤੌਲ ਲਹਿਰਾਗਾਗਾ ਦੇ ਇੱਕ ਵਿਅਕਤੀ ਤੇ ਰਾਈਫਲ ਉਸ ਦੇ ਪਿਤਾ ਦੀ ਹੈ।
ਸ਼ਿਕਾਇਤ ਦਰਜ ਹੋਣ ਮਗਰੋਂ ਉਕਤ ਨੌਜਵਾਨ ਘਰ ਤੋਂ ਫਰਾਰ ਹੈ, ਪੁਲਿਸ ਵੱਲੋਂ ਉਸ ਦੀ ਭਾਲ ਜਾਰੀ ਹੈ। ਪੁਲਿਸ ਅਧਿਕਾਰੀ ਨੇ ਨੌਜਵਾਨਾਂ ਨੂੰ ਅਜਿਹੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹਿੰਸਕ ਭਾਵਨਾਵਾਂ ਨੂੰ ਹੁੰਗਾਰਾ ਮਿਲਦਾ ਹੈ ਅਤੇ ਅਜਿਹਾ ਕਰਨਾ ਕਾਨੂੰਨੀ ਤੌਰ 'ਤੇ ਅਪਰਾਧ ਹੈ।