ਲੁਧਿਆਣਾ: ਬਹਾਦਰ ਕੇ ਰੋਡ 'ਤੇ ਸਥਿਤ ਕੇ.ਪੀ. ਨਿਟਵੀਅਰ ਹੌਜ਼ਰੀ ਫੈਕਟਰੀ ਨੂੰ ਅੱਜ ਤੜਕੇ ਭਿਆਨਕ ਅੱਗ ਲੱਗ ਗਈ। ਇਸ ਤੋਂ ਬਾਅਦ ਤੁਰੰਤ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਗਿਆ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਐਨੀ ਭਿਆਨਕ ਹੈ ਕਿ ਹੁਣ ਤੱਕ ਇਸ ਤੇ ਕਾਬੂ ਨਹੀਂ ਪਾਇਆ ਗਿਆ। ਹਵਾ ਦੀ ਰਫ਼ਤਾਰ ਕਾਫੀ ਤੇਜ਼ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੱਗ ਬੁਝਾਊ ਅਮਲੇ ਦੇ ਅਫ਼ਸਰ ਸ੍ਰਿਸ਼ਟੀ ਨਾਥ ਨੇ ਦੱਸਿਆ ਕਿ ਉਨ੍ਹਾਂ ਨੂੰ ਤੜਕੇ 5 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਉਦੋਂ ਤੋਂ ਹੀ ਅੱਗ ਤੇ ਕਾਬੂ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਹਵਾ ਤੇਜ਼ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਰਹੀ ਹੈ ਅਤੇ 8-10 ਗੰਡੀਆਂ ਲਾਉਣ ਦੇ ਬਾਵਜੂਦ ਹਾਲੇ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ, ਜਿਸ ਕਰਕੇ 5-6 ਘੰਟੇ ਹਾਲੇ ਹੋਰ ਅੱਗ ਬੁਝਾਉਣ 'ਤੇ ਲੱਗਣਗੇ। ਹਾਲਾਂਕਿ ਇਸ ਅੱਗ ਦੇ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਫੈਕਟਰੀ 'ਚ ਹੌਜ਼ਰੀ ਦਾ ਸਾਮਾਨ ਜ਼ਰੂਰ ਸੜ ਕੇ ਸਵਾਹ ਹੋ ਗਿਆ।