ਲੁਧਿਆਣਾ: ਫੋਕਲ ਪੁਆਇੰਟ ਫੇਸ 5 'ਚ ਯੂਨੀਸਟਾਰ ਨਾਂ ਦੀ ਸਾਈਕਲ ਦੇ ਪੁਰਜੇ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ 'ਤੇ ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਕਾਬੂ ਪਾ ਲਿਆ ਗਿਆ ਹੈ। ਅਜੇ ਤੱਕ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਤਿੰਨ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਹੈ।
ਲੁਧਿਆਣਾ ਫਾਇਰ ਅਫ਼ਸਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਗ ਪੂਰੇ ਕੰਟਰੋਲ 'ਚ ਹੈ ਅਤੇ ਜੇਸੀਬੀ ਮਸ਼ੀਨਾਂ ਲਾ ਕੇ ਅੱਗ 'ਤੇ ਕਾਬੂ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਦੋ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਸਨ।
ਦੱਸ ਦਈਏ ਕਿ ਫੈਕਟਰੀ 'ਚ ਬੀਤੀ ਰਾਤ ਤੋਂ ਹੀ ਅੱਗ ਲੱਗੀ ਹੋਈ ਸੀ। ਅੱਗ ਇੰਨੀ ਭਿਆਨਕ ਸੀ ਕਿ ਇਸ 'ਤੇ ਕਾਬੂ ਪਾਉਣਾ ਵੀ ਮੁਸ਼ਕਲ ਸੀ। ਅੱਗ ਲਗਾਤਾਰ 12 ਘੰਟਿਆਂ ਤੱਕ ਬੁਝਾਈ ਨਹੀਂ ਜਾ ਸਕੀ ਸੀ। ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਹੁਣ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ ਪਰ ਸਾਰੀ ਇਮਾਰਤ ਢਹਿ ਢੇਰੀ ਹੋ ਗਈ ਹੈ। ਰਾਹਤ ਕਾਰਜ ਦੌਰਾਨ ਜੋ ਦੋ ਫਾਇਰ ਬ੍ਰਿਗੇਡ ਦੇ ਕਰਮਚਾਰੀ ਮਾਮੂਲੀ ਜ਼ਖਮੀ ਹੋ ਗਏ ਸਨ ਉਨ੍ਹਾਂ ਨੂੰ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।